ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 444


ਜੈਸੇ ਭੂਲਿ ਬਛੁਰਾ ਪਰਤ ਆਨ ਗਾਇ ਥਨ ਬਹੁਰਿਓ ਮਿਲਤ ਮਾਤ ਬਾਤ ਨ ਸਮਾਰ ਹੈ ।

ਜਿਸ ਤਰ੍ਹਾਂ ਭੁੱਲ ਕੇ ਜੇਕਰ ਵੱਛਾ ਦੂਸਰੀ ਗਾਂ ਦੇ ਥਨਾਂ ਨੂੰ ਜਾ ਪਵੇ ਪਰ ਮੁੜ ਕੇ ਮਾਤਾ ਨੂੰ ਆਣ ਮਿਲੇ; ਤਾਂ ਓਸ ਦੀ ਬਾਤ ਕਰਤੂਤ ਨੂੰ ਉਹ ਨਹੀਂ ਚਿਤਾਰਿਆ ਕਰਦੀ।

ਜੈਸੇ ਆਨਸਰ ਭ੍ਰਮ ਆਵੈ ਮਾਨਸਰ ਹੰਸ ਦੇਤ ਮੁਕਤਾ ਅਮੋਲ ਦੋਖ ਨ ਬੀਚਾਰਿ ਹੈ ।

ਜਿਸ ਤਰ੍ਹਾਂ ਹੋਰਸ ਕਿਸੇ ਸ੍ਰੋਵਰ ਉਪਰ ਭੌਂ ਭਟਕ ਕੇ ਹੰਸ ਮਾਨ ਸਰੋਵਰ ਉਪਰ ਹੀ ਮੁੜ ਆ ਜਾਵੇ ਤਾਂ ਉਹ ਓਸ ਦੇ ਔਗੁਣ ਨੂੰ ਨਹੀਂ ਵਿਚਾਰਦਾ ਅਰੁ ਅਮੋਲਕ ਮੋਤੀ ਚੁਗਣ ਲਈ ਦੇ ਦਿਆ ਕਰਦਾ ਹੈ।

ਜੈਸੇ ਨ੍ਰਿਪ ਸੇਵਕ ਜਉ ਆਨ ਦੁਆਰ ਹਾਰ ਆਵੈ ਚਉਗਨੋ ਬਢਾਵੈ ਨ ਅਵਗਿਆ ਉਰ ਧਾਰ ਹੈ ।

ਜਿਸ ਤਰ੍ਹਾਂ ਰਾਜੇ ਦਾ ਚਾਕਰ ਜੇਕਰ ਹੋਰ ਦੁਆਰਿਓਂ ਹੋਰ ਹੁੱਟ ਕੇ ਮੁੜ ਆਪਣੇ ਹੀ ਰਾਜੇ ਦੇ ਦੁਆਰੇ ਆ ਜਾਵੇ ਤਾਂ ਉਹ ਓਸ ਦੀ ਅਵਗਿਆ ਗਲਤੀ ਅਪ੍ਰਾਧ ਨੂੰ ਦਿਲ ਅੰਦਰ ਧਾਰ ਲਿਆ ਕੇ ਓਸ ਦਾ ਸਗੋਂ ਚਉਗੁਣਾਂ ਮਰਾਤਬਾ ਵਧਾ ਦਿਆ ਕਰਦਾ ਹੈ।

ਸਤਿਗੁਰ ਅਸਰਨਿ ਸਰਨਿ ਦਇਆਲ ਦੇਵ ਸਿਖਨ ਕੋ ਭੂਲਿਬੋ ਨ ਰਿਦ ਮੈ ਨਿਹਾਰ ਹੈ ।੪੪੪।

ਤਿਸੀ ਪ੍ਰਕਾਰ ਹੀ ਦ੍ਯਾਲੂ ਦੇਵ ਬਖਸ਼ਿੰਦ ਸਤਿਗੁਰੂ ਭੀ ਅਸਰਨਿ ਸ਼ਰਣ ਰਹਿਤਾਂ ਸ਼ਰਣੋਂ ਵੰਜਿਆਂ ਦੀ ਸਰਣ ਸਹਾਰਾ ਦਾਤੇ ਓਟ ਹਨ; ਜਿਸ ਕਰ ਕੇ ਅਪਣਿਆਂ ਸਿੱਖਾਂ ਦੀ ਭੁੱਲ ਨੂੰ ਮਨ ਅੰਦਰ ਨਹੀਂ ਨਿਹਾਰਿਆ, ਤੱਕਿਆ ਕਰਦੇ ॥੪੪੪॥


Flag Counter