ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 92


ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਸਹਜ ਸਮਾਧਿ ਸੁਖ ਸੰਪਟ ਸਮਾਨੇ ਹੈ ।

ਚਰਨ ਕਮਲਾਂ ਦੀ ਮਕਰੰਦ ਰਸ ਧੂਲੀ ਦੇ ਰਸ ਸ੍ਵਾਦ ਅਨੰਦ ਦੀ ਖਾਤਰ ਲੁਭਾਇਮਾਨ ਹੋ ਕੇ ਸਹਜ ਸਰੂਪੀ ਸਮਾਧ ਇਸਥਿਤੀ ਦ੍ਵਾਰੇ ਜਿਹੜੇ ਸੁਖ ਵਿਚ ਸੰ+ਪੁਟ ਭਲੀ ਪ੍ਰਕਾਰ ਆਛਾਦਿਤ ਹੋ ਕੇ ਯਾ ਭਲੀਭਾਂਤ ਵਿਚਾਲੇ ਆ ਅਥਵਾ ਮਿਲ ਕੇ ਜਿਹੜੇ ਸਮਾਨੇ ਹੈ ਭਾਵ ਲਿਵ ਲੀਨ ਹੋ ਗਏ ਹਨ।

ਭੈਜਲ ਭਇਆਨਕ ਲਹਰਿ ਨ ਬਿਆਪਿ ਸਕੈ ਦੁਬਿਧਾ ਨਿਵਾਰਿ ਏਕ ਟੇਕ ਠਹਰਾਨੇ ਹੈ ।

ਓਨ੍ਹਾਂ ਨੂੰ ਭੈਜਲ ਸੰਸਾਰ ਸਮੁੰਦਰ ਦੀ ਭ੍ਯਾਨਕ ਡਰੌਣੀ ਖਤਰਨਾਕ ਲਹਿਰ ਜਨਮ ਮਰਣ ਵਾਲੀ, ਅਥਵਾ ਆਸਾ ਤ੍ਰਿਸ਼ਣਾ ਮਈ, ਨਹੀਂ ਬ੍ਯਾਪ ਵਾਪਰ ਸਕਦੀ, ਉਹ ਦੁਬਿਧਾ ਸੰਸੇ ਵਾ ਦੁਚਿਤਾਈ ਨੂੰ ਦੂਰ ਕਰ ਕੇ ਇਕ ਵਾਹਿਗੁਰੂ ਦੀ ਹੀ ਟੇਕ ਸ਼ਰਣ ਵਾ ਸਹਾਰੇ, ਅਥਵਾ ਓਟ ਨੂੰ ਧਾਰ ਕੇ ਠਹਰਾਨੇ ਹੈਂ ਸ਼ਾਂਤੀ ਚੈਨ ਨੂੰ ਪ੍ਰਾਪਤ ਕਰ ਲੈਂਦੇ ਹਨ।

ਦ੍ਰਿਸਟਿ ਸਬਦ ਸੁਰਤਿ ਬਰਜਿ ਬਿਸਰਜਤ ਪ੍ਰੇਮ ਨੇਮ ਬਿਸਮ ਬਿਸ੍ਵਾਸ ਉਰ ਆਨੇ ਹੈ ।

ਦ੍ਰਿਸਟਿ ਸਬਦ ਸੁਰਤਿ ਬਰਜਿ ਬਿਸਰਜਿਤ ਨੇਤ੍ਰਾਂ ਨੂੰ ਰੂਪ ਵੱਲ ਭਟਕਨੋਂ ਤੇ ਸ਼ਬਦ ਵੱਲੋਂ ਕੰਨਾਂ ਨੂੰ ਵਰਜਕੇ ਰੋਕਕੇ; ਬਿਸਰਜਤ ਬਿਦਾ ਕਰ ਦਿਤ੍ਯਾਂ ਆਪੇ ਦੇਹ ਅਧ੍ਯਾਸ ਯਾ ਹੌਮੇਂ ਭਾਵ ਨੂੰ ਅਥਵਾ ਦ੍ਰਿਸ਼੍ਟੀ ਸਭ ਮਨ ਇੰਦ੍ਰੀਆਂ ਤਥਾ ਸਰੀਰ ਦੀ ਚੇਸ਼੍ਟਾ ਆਦਿ ਨੂੰ ਅਪਣੀ ਨਿਗ੍ਹਾਵਿਚ ਰਖਣ ਹਾਰੀ ਚੇਤਨ ਸੱਤਾ ਤਿਸੀ ਪ੍ਰਕਾਰ ਸ਼ਬਦ ਅਨਹਦ ਧੁਨੀ ਵਿਖੇ ਸੁਰਤ ਨੂੰ ਬਰਜ ਨਿਰੋਧ ਕਰ ਕੇ ਰੋਕਕੇ ਗੱਡਕੇ, ਬਿਸਰਜਤ ਬਾਹਰਮੁਖੀ ਆਪੇ ਹੌਮੈਂ ਭਾਵ ਬਿਦਾ ਕਰ ਦਿਤ੍ਯਾਂ ਭਾਵ ਲਿਵਲੀਨ ਹੋ ਗਿਆਂ ਬਿਸਮ ਅਪਣੀ ਸਮਾਨਤਾ ਨਾ ਰਖਣ ਵਾਲਾ ਅਪੂਰਬ ਬਿਸ੍ਵਾਸ ਨਿਸਚਾ ਪ੍ਰਗਟ ਹੋ ਕੇ ਨੇਮ ਸਹਿਤ ਪ੍ਰੇਮ ਨੂੰ ਹਿਰਦੇ ਅੰਦਰ ਲੈ ਔਂਦਾ ਪ੍ਰਗਟ ਕਰ ਲਿਆ ਕਰਦਾ ਹੈ।

ਜੀਵਨ ਮੁਕਤਿ ਜਗਜੀਵਨ ਜੀਵਨ ਮੂਲ ਆਪਾ ਖੋਇ ਹੋਇ ਅਪਰੰਪਰ ਪਰਾਨੈ ਹੈ ।੯੨।

ਜਦ ਕਿ ਜਗ ਜੀਵਨ ਜੀਵਨ ਮੂਲ ਜਗਤ ਦੇ ਜੀਵਾਂ ਦਾ ਜੀਵਨ ਮੂਲ ਜੀਊਨ ਮੂੜੀ ਜੋ ਅਪਰੰਪਰ ਪਾਰਬ੍ਰਹਮ ਸ੍ਵਰੂਪ ਹੈ, ਇਉਂ ਆਪਾ ਦੂਰ ਕਰ ਕੇ ਹੋਇ ਪਰਾਨੇ ਓਸ ਦੇ ਪ੍ਰਾਇਣ ਹੋ ਜਾਂਦੇ ਹਨ ਤ ਇਸੇ ਕਰ ਕੇ ਹੀ ਉਹ ਜੀਵਨ ਮੁਕਤ ਹੋ ਜਾਂਦੇ ਹਨ, ਅਰਥਾਤ ਸੰਸਾਰੀ ਜਿੰਦਗੀ ਦੇ ਅਸਰਾਂ ਤੋਂ ਐਸੇ ਗੁਰਮੁਖ ਅਲੇਪ ਰਹਿੰਦੇ ਹਨ ॥੯੨॥


Flag Counter