ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 173


ਪ੍ਰੇਮ ਰਸ ਕੋ ਪ੍ਰਤਾਪੁ ਸੋਈ ਜਾਨੈ ਜਾ ਮੈ ਬੀਤੇ ਮਦਨ ਮਦੋਨ ਮਤਿਵਾਰੋ ਜਗ ਜਾਨੀਐ ।

ਪ੍ਰੇਮ ਰਸ ਦੇ ਮਹੱਤ ਨੂੰ ਓਹੋ ਹੀ ਕੇਵਲ ਜਾਣ੍ਯਾ ਕਰਦਾ ਹੈ ਜਿਸ ਦੇ ਅੰਦਰ ਇਸ ਦਾ ਵਰਤਾਰਾ ਵਰਤ ਰਿਹਾ ਹੋਵੇ, ਜੀਕੂੰ ਮਦਨ ਕਾਮ ਦੇ ਮਦ ਕਰ ਕੇ ਉਨਮੱਤਤਾ ਵਾਲੇ ਪੁਰਖ ਨੂੰ ਓਸ ਦੀ ਉਨਮੱਤ ਦਸ਼ਾ ਤੋਂ ਸਾਰਾ ਜਗਤ ਜਾਣਿਆ ਕਰਦਾ ਹੈ।

ਘੂਰਮ ਹੋਇ ਘਾਇਲ ਸੋ ਘੂਮਤ ਅਰੁਨ ਦ੍ਰਿਗ ਮਿਤ੍ਰ ਸਤ੍ਰਤਾ ਨਿਲਜ ਲਜਾ ਹੂ ਲਜਾਨੀਐ ।

ਜਿਸ ਤਰ੍ਹਾਂ ਸ਼ਸਤ੍ਰ ਦੇ ਘਾਵ ਦਾ ਘਾਇਲ ਕੀਤਾ ਹੋਯਾ ਫਟੱੜ ਬੰਦਾ ਹੁੰਦਾ ਹੈ ਘਾਇਲ ਵਾਕੂੰ ਘੂਰਮ ਹੋਯਾ ਹੋਯਾ ਬੌਰਾਯਾ ਹੋਯਾ ਡੌਰਾ ਬੌਰਾ ਪਰੇਸ਼ਾਨ ਅਪਨੀ ਧੁਨ ਵਿਚ ਗੁੱਟ ਹੋਇਆ ਘੁੰਮਦਾ ਫਿਰਦਾ ਹੈ ਤੇ ਨੇਤ੍ਰ ਉਸ ਦੇ ਲਾਲ ਹੋਏ ਹੋਏ ਹੁੰਦੇ ਹਨ ਜਿਸ ਨੂੰ ਮਿਤ੍ਰ ਮਿਤ੍ਰ ਦੀ ਮਿਤਰਤਾ ਅਰੁ ਸ਼ਤਰੂ ਦੀ ਸ਼ਤੁਰਤਾ ਦੀ ਕੋਈ ਲਾਜ ਸ਼ਰਮ ਹੀ ਨਹੀਂ ਹੁੰਦੀ ਮਾਨੋ ਉਹ ਫੱਟੜ ਐਡਾ ਨਿਲੱਜ ਹੋਯਾ ਹੋਯਾ ਹੁੰਦੀ ਹੈ ਕਿ ਓਸ ਪਾਸੋਂ ਲੱਜਾ ਲਜ੍ਯਾ ਸ਼ਰਮ ਹ੍ਯਾ ਭੀ ਲਜਿੱਤ ਹੋਈ ਚਲੀ ਜਾ ਰਹੀ ਹੈ।

ਰਸਨਾ ਰਸੀਲੀ ਕਥਾ ਅਕਥ ਕੈ ਮੋਨ ਬ੍ਰਤ ਅਨ ਰਸ ਰਹਿਤ ਨ ਉਤਰ ਬਖਾਨੀਐ ।

ਪਰ ਹਾਂ! ਜਦ ਕਦੀ ਬੋਲਦਾ ਬਚਨ ਬਿਲਾਸ ਕਰਦਾ ਹੈ ਤਾਂ ਮਿੱਠਾ ਹੀ ਬੋਲਦਾ ਹੈ, ਕ੍ਯੋਂਜੁ ਇਸ ਪ੍ਰੇਮ ਰਸ ਕਾਰਣ ਸੁਭਾਵਕ ਹੀ ਓਸ ਦੀ ਰਸਨਾ ਰਸੀਲੀ ਰਸ ਭਰੀ ਬਣ ਜਾਂਦੀ ਹੈ ਚਾਹੇ ਉਹ ਅਕਥ ਕਥਾ ਦੇ ਕਾਰਣ ਮੋਨ ਵਰਤੀਆ ਚੁਪ ਹੀ ਸਾਧੀ ਰੱਖ ਕੇ ਹੋਰਨਾਂ ਰਸਾਂ ਸ੍ਵਾਦਾਂ ਚਾਟਾਂ ਤੋਂ ਰਹਿਤ ਹੋਯਾ ਹੋਯਾ ਲੋਕਾਂ ਦੇ ਬੁਲਾਇਆਂ ਤੇ ਭੀ ਅਗੋਂ ਉੱਤਰ ਹੀ ਨਹੀਂ ਦਿਆ ਕਰਦਾ।

ਸੁਰਤਿ ਸੰਕੋਚ ਸਮਸਰਿ ਅਸਤੁਤਿ ਨਿੰਦਾ ਪਗ ਡਗਮਗ ਜਤ ਕਤ ਬਿਸਮਾਨੀਐ ।੧੭੩।

ਬਾਹਰ ਭਟਕਨੋਂ ਅਪਨੀ ਸੁਰਤੀ ਸੁਨਣ ਸ਼ਕਤੀ ਨੂੰ ਸਮੇਟੀ ਰਖਦਾ ਹੈ, ਜਿਸ ਕਰ ਕੇ ਭਲੇ ਬੁਰੇ ਲੋਕਾਂ ਦੇ ਕਹੇ ਦੀ ਲੱਥੀ ਚੜ੍ਹੀ ਓਸ ਨੂੰ ਨਹੀਂ ਵਾਪਰ ਸਕਦੀ। ਪੈਰ ਡਗਮਗ ਰਾਹੇ ਵਾਟੇ ਜਿਧਰ ਕਿਧਰ ਡੌਰ ਬੌਰ ਹੀ ਪਿਆ ਕਰਦੇ ਹਨ ॥੧੭੩॥