ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 673


ਪੰਚ ਬਾਰ ਗੰਗ ਜਾਇ ਬਾਰ ਪੰਚ ਪ੍ਰਾਗ ਨਾਇ ਤੈਸਾ ਪੁੰਨ ਏਕ ਗੁਰਸਿਖ ਕਉ ਨਵਾਏ ਕਾ ।

ਜੇ ਕੋਈ ਪੰਜ ਵੇਰ ਗੰਗਾ ਤੀਰਥ ਤੇ ਜਾਏ ਤੇ ਪੰਜ ਵੇਰ ਪ੍ਰਯਾਗ ਸ਼ਨਾਨ ਕਰੇ; ਜਿਤਨਾ ਪੁੰਨ ਉਸ ਦਾ ਹੁੰਦਾ ਦੱਸੀਦਾ ਹੈ ਉਤਨਾ ਪੁੰਨ ਇਕ ਗੁਰਸਿੱਖ ਨੂੰ ਅਸ਼ਨਾਨ ਕਰਾਏ ਦਾ ਹੁੰਦਾ ਹੈ।

ਸਿਖ ਕਉ ਪਿਲਾਇ ਪਾਨੀ ਭਾਉ ਕਰ ਕੁਰਖੇਤ ਅਸ੍ਵਮੇਧ ਜਗ ਫਲ ਸਿਖ ਕਉ ਜਿਵਾਏ ਕਾ ।

ਗੁਰਸਿੱਖ ਨੂੰ ਪ੍ਰੇਮ ਨਾਲ ਪਾਣੀ ਪਿਲਾਉਣ ਦਾ ਫਲ ਕੁਰਖੇਤ੍ਰ ਯਾਤ੍ਰਾ ਤੁੱਲ ਤੇ ਸਿੱਖ ਨੂੰ ਪ੍ਰਸ਼ਾਦ ਛਕਾਏ ਦਾ ਫਲ ਅਸ੍ਵਮੇਧ ਜੱਗ ਜਿਤਨਾ ਹੁੰਦਾ ਹੈ।

ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ ।

ਜਿਵੇਂ ਸੌ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦਿੱਤੇ ਜਾਣ;ਉਤਨਾ ਪੁੰਨ ਗੁਰੂ ਕੇ ਸਿੱਖ ਨੂੰ ਇਕ ਸ਼ਬਦ ਸਿਖਾਉਣ ਦਾ ਹੁੰਦਾ ਹੈ।

ਜੈਸੇ ਬੀਸ ਬਾਰ ਦਰਸਨ ਸਾਧ ਕੀਆ ਕਾਹੂ ਤੈਸਾ ਫਲ ਸਿਖ ਕਉ ਚਾਪ ਪਗ ਸੁਆਏ ਕਾ ।੬੭੩।

ਜਿਵੇਂ ਵੀਹ ਵਾਰ ਕਿਸੇ ਸਾਧ ਦਾ ਦਰਸ਼ਨ ਕੀਤਾ ਹੋਵੇ ਕਿਸੇ ਨੇ; ਤੈਸਾ ਫਲ ਇਕ ਸਿਖ ਦੇ ਚਰਨ ਦਬਾਕੇ ਸੁਆਉਣ ਦਾ ਹੁੰਦਾ ਹੈ ॥੬੭੩॥


Flag Counter