ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 362


ਤੀਰਥ ਜਾਤ੍ਰਾ ਸਮੈ ਨ ਏਕ ਸੈ ਆਵਤ ਸਬੈ ਕਾਹੂ ਸਾਧੂ ਪਾਛੈ ਪਾਪ ਸਬਨ ਕੇ ਜਾਤ ਹੈ ।

ਤੀਰਥ ਜਾਤ੍ਰਾ ਦੇ ਪੁਰਬ ਸਮੇਂ ਸਾਰੇ ਦੇ ਸਾਰੇ ਜਾਤ੍ਰੀ ਇਕੋ ਜੇਹੇ ਨਹੀਂ ਆਯਾ ਕਰਦੇ ਅਰਥਾਤ ਸਭ ਦੇ ਸਭ ਹੀ ਭਲੇ ਮਨੋਰਥ ਵਾਲੇ ਨਹੀਂ ਹੁੰਦੇ। ਐਸਾ ਕੋਈ ਵਿਰਲਾ ਹੀ ਪੁਰਖ ਹੁੰਦਾ ਹੈ ਜਿਸ ਕਿਸੇ ਸਾਧੂ ਭਲੇ ਪੁੰਨ੍ਯਾਤਮਾ ਮਹਾਂਪੁਰਖ ਪਿੱਛੇ ਸਾਰਿਆਂ ਦੇ ਪਾਪ ਦੂਰ ਹੋ ਜਾਂਦੇ ਹਨ ਭਾਵ ਜਿਸ ਦੇ ਪਿਛੇ ਤੀਰਥ ਆਪਣੀ ਨਿਸ਼ਪਾਪ ਰਹਤ ਪ੍ਰਭਾਵ ਵਾਲੀ ਦਸ਼ਾ ਨੂੰ ਪ੍ਰਗਟਾ ਕੇ ਸ਼ਨਾਨ ਕਰਣਹਾਰਿਆਂ ਨੂੰ ਪਾਪਾਂ ਤੋਂ ਰਹਿਤ ਬਣਾ ਸਕਦਾ ਹੈ, ਕੋਈ ਹੁੰਦਾ ਹੈ।

ਜੈਸੇ ਨ੍ਰਿਪ ਸੈਨਾ ਸਮਸਰਿ ਨ ਸਕਲ ਹੋਤ ਏਕ ਏਕ ਪਾਛੇ ਕਈ ਕੋਟਿ ਪਰੇ ਖਾਤ ਹੈ ।

ਜਿਸ ਤਰ੍ਹਾਂ ਰਾਜੇ ਦੀ ਸੈਨਾ ਵਿਖੇ ਸਾਰੇ ਦੇ ਸਾਰੇ ਇਕ ਸਾਰਖੇ ਜੋਧੇ ਨਹੀਂ ਹੁੰਦੇ ਕਿੰਤੂ ਕਿਸੇ ਕਿਸੇ ਵਿਰਲੇ ਸੂਰਮੇ ਪਿਛੇ ਹੀ ਕਈ ਕ੍ਰੋੜਾਂ ਸਿਪਾਹੀ ਲੋਗ ਪਏ ਖਾਇਆ ਕਰਦੇ ਹਨ।

ਜੈਸੇ ਤਉ ਸਮੁੰਦ੍ਰ ਜਲ ਬਿਮਲ ਬੋਹਿਥ ਬਸੈ ਏਕ ਏਕ ਪੈ ਅਨੇਕ ਪਾਰਿ ਪਹੁਚਾਤ ਹੈ ।

ਤਉ ਫੇਰ ਜਿਸ ਭਾਂਤ ਸਮੁੰਦ੍ਰ ਦੇ ਬਿਮਲ ਨਿਰਮਲ ਗੰਭੀਰ = ਡੂੰਘੇ ਜਲ ਵਿਖੇ ਜਹਾਜ ਟਿਕੇ ਹੋਏ ਹੁੰਦੇ ਹਨ, ਪੈ ਪ੍ਰੰਤੂ ਏਕ ਏਕ ਕੋਈ ਕੋਈ ਹੀ ਓਨਾਂ ਵਿਚੋਂ ਐਸਾ ਦ੍ਰਿੜ੍ਹ ਹੁੰਦਾ ਹੈ, ਜੋ ਅਨੇਕਾਂ ਨੂੰ ਆਪਣੇ ਉਪਰ ਚੜ੍ਹਾ ਕੇ ਪਾਰ ਪੁਚਾ ਦਿਆ ਕਰਦਾ ਹੈ।

ਤੈਸੇ ਗੁਰਸਿਖ ਸਾਖਾ ਅਨਿਕ ਸੰਸਾਰ ਦੁਆਰ ਸਨਮੁਖ ਓਟ ਗਹੇ ਕੋਟ ਬਿਆਸਾਤ ਹੈ ।੩੬੨।

ਤਿਸੀ ਪ੍ਰਕਾਰ ਹੀ ਗੁਰ ਸਿੱਖਾਂ ਦੀਆਂ ਨਿਰਮਲੇ, ਨਿਹੰਗ, ਖਾਲਸੇ ਅਰੁ ਉਦਾਸੀ ਆਦਿ ਅਨੇਕਾਂ ਸ਼ਾਖਾਂ ਸੰਪ੍ਰਦਾਵਾਂ ਸੰਸਾਰ ਦੇ ਦੁਆਰੇ ਤੇ ਵਰਤਮਾਨ ਹਨ, ਪਰ ਜਿਸ ਨੂੰ ਸਨਮੁਖ ਕਰ ਕੇ ਓਟ ਧਾਰ ਲਈ ਜਾਵੇ, ਤਾਂ ਕ੍ਰੋੜਾਂ ਹੀ ਲੋਕ ਓਸ ਓਸ ਸਿੱਖ ਸੰਪ੍ਰਦਾਯ ਦ੍ਵਾਰੇ ਹੀ ਵਰੋਸਾਅ ਜਾਂਦੇ ਹਨ, ਉਧਾਰ ਨੂੰ ਪ੍ਰਾਪਤ ਕਰ ਲੈਂਦੇ ਹਨ ॥੩੬੨॥


Flag Counter