ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 524


ਜਉ ਪੈ ਚੋਰੁ ਚੋਰੀ ਕੈ ਬਤਾਵੈ ਹੰਸ ਮਾਨਸਰ ਛੂਟਿ ਕੈ ਨ ਜਾਇ ਘਰਿ ਸੂਰੀ ਚਾੜਿ ਮਾਰੀਐ ।

ਜੇਕਰ ਚੋਰ ਚੋਰੀ ਕਰ ਕੇ ਆਪਣੇ ਆਪ ਨੂੰ ਮਾਨ ਸ੍ਰੋਵਰ ਦਾ ਹੰਸ ਦੁੱਧ ਧੋਤਾ ਸਾਫ ਵਾ ਮਹਾਂ ਬਿਬੇਕੀ ਦੱਸੇ ਤਾਂ ਇਤਨੇ ਕਰ ਕੇ ਉਹ ਕੋਈ ਛੁੱਟ ਕੇ ਘਰ ਨਹੀਂ ਜਾ ਸਕਦਾ ਸਗੋਂ ਜ਼ਰੂਰ ਸੂਲੀ ਚਾੜ੍ਹ ਮਾਰੀਦਾ ਹੈ।

ਬਾਟ ਮਾਰ ਬਟਵਾਰੋ ਬਗੁ ਮੀਨ ਜਉ ਬਤਾਵੈ ਤਤਖਨ ਤਾਤਕਾਲ ਮੂੰਡ ਕਾਟਿ ਡਾਰੀਐ ।

ਰਾਹ ਮਾਰ, ਧਾੜਵੀ ਬਗਲ ਧਿਆਨੀਆਂ ਬਣ ਕੇ ਮੱਛਾਂ ਵਾਕੂੰ ਲੋਕਾਂ ਨੂੰ ਆਪਣੇ ਆਪ ਤਾਈਂ ਸਮਾਧੀਆ ਦੱਸੇ ਤਾਂ ਇਤਨੇ ਨਾਲ ਕਿਸੇ ਇਤਬਾਰ ਨਹੀਂ ਕਰ ਲੈਣਾ ਸਗੋਂ ਓਸੇ ਵੇਲੇ ਹੀ ਉਸੇ ਛਿਣ ਵਿਚ ਓਸ ਦਾ ਸਿਰ ਲਾਹ ਸਿੱਟੀਦਾ ਹੈ।

ਜਉ ਪੈ ਪਰ ਦਾਰਾ ਭਜਿ ਮ੍ਰਿਗਨ ਬਤਾਵੈ ਬਿਟੁ ਕਾਨ ਨਾਕ ਖੰਡ ਡੰਡ ਨਗਰ ਨਿਕਾਰੀਐ ।

ਜੇਕਰ ਪਰ ਇਸਤ੍ਰੀ ਭੋਗਕੇ ਮਿਰਗ ਹਰਣ ਵਾਕੂੰ ਨਹੀਂ ਦੱਸਦਾ ਤੇ ਆਖੇ ਕਿ ਉਹ ਅਪਨੀ ਡਾਰੋਂ ਕਦੀ ਬਾਹਰ ਨਹੀਂ ਗਿਆ ਅਥਵਾ ਮਿਰਗਾਂ ਸਮਾਨ ਭੋਲੇ ਲੋਕਾਂ ਨੂੰ ਦੱਸੇ ਬ੍ਰਹਮਚਾਰੀ ਤਾਂ ਐਸੇ ਬਿਟੁ ਬ੍ਰਹਮਚਾਰੀ ਦੇ ਕੰਨ ਨੱਕ ਕੱਟ ਕੇ ਦੇਸ ਨਿਕਾਲੇ ਦਾ ਦੰਡ ਦੇਈਦਾ ਹੈ।

ਚੋਰੀ ਬਟਵਾਰੀ ਪਰ ਨਾਰੀ ਕੈ ਤ੍ਰਿਦੋਖ ਮਮ ਨਰਕ ਅਰਕ ਸੁਤ ਡੰਡ ਦੇਤ ਹਾਰੀਐ ।੫੨੪।

ਚੋਰੀ ਕਰਨੀ ਧਾੜਾ ਮਾਰੀ ਤੇ ਪਰ ਇਸਤ੍ਰੀ ਅੰਗੀਕਾਰ ਕਰਨੀ ਇਹ ਤਿੰਨੇ ਦੋਖ ਹੀ ਮੈਨੂੰ ਤਪਦਿੱਕ ਹੋਇਆ ਹੋਇਆ ਹੈ, ਜਿਸ ਤਰ੍ਹਾਂ ਤਪਦਿੱਕੀ ਨੂੰ ਦਵਾਈਆਂ ਦੇ ਦੇ ਕੇ ਵੈਦ ਡਾਕਟਰ ਸਮੇਤ ਦਵਾਵਾਂ ਦੇ ਹਾਰ ਜਾਂਦੇ ਹਨ ਐਸੇ ਹੀ ਨਰਕ ਤੇ ਅਰਕ ਸੁਤ ਧਰਮ ਰਾਜ ਭੀ ਮੈਨੂੰ ਡੰਡ ਦਿੰਦੇ ਹੀ ਹਾਰ ਜਾਣਗੇ ॥੫੨੪॥