ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 3


ਸੋਰਠਾ ।

ਗੁਰੂ ਮਹਾਰਾਜ ਜੀ ਆਕ੍ਰਿਤੀ ਸਾਕਾਰ ਰੂਪਿਤਾ ਦਾ ਨਿਰੂਪਣ ਕਰਦੇ ਹਨ:

ਜਗਮਗ ਜੋਤਿ ਸਰੂਪ ਪਰਮ ਜੋਤਿ ਮਿਲ ਜੋਤਿ ਮਹਿ ।

ਸਤਿਗੁਰਾਂ ਦਾ ਸਰੂਪ ਭਾਵ ਸੂਰਤ, ਦੀ ਜੋਤ ਆਭਾ ਜਗਮਗ ਜਗਮਗ = ਦਗ ਦਗ ਕਰ ਰਹੀ ਹੈ ਅਤੇ ਅੰਦਰਲੀ ਜੋਤ ਚੈਤੰਨ ਸੱਤਾ ਜੀਵ ਭਾਵਨੀ ਦਿਖਾਈ ਦਿੰਦੀ ਹੋਈ ਭੀ ਪਰਮ ਜ੍ਯੋਤੀ ਜ੍ਯੋਤੀ ਸਰੂਪ ਪਰਮਾਤਮਾ ਵਿਖੇ ਮਿਲੀ ਹੋਈ = ਅਭੇਦ ਹੈ

ਅਦਭੁਤ ਅਤਹਿ ਅਨੂਪ ਪਰਮ ਤਤੁ ਤਤਹਿ ਮਿਲਿਓ ।੧।੩।

ਅਰਥਾਤ ਤੱਤਾਂ ਪੰਜ ਭੌਤਿਕ ਰਚਨਾ ਅੰਦਰ ਕ੍ਰੀੜਾ ਕਰਦੇ = ਖੇਲਦੇ ਹੋਏ ਭੀ ਆਪ ਸਭ ਤੱਤਾਂ ਦੇ ਪਰਮ ਸਾਰ ਰੂਪ ਤੱਤ ਤੋਂ ਪਾਰ ਪਰਮਾਤਮਾ ਪਾਰਬ੍ਰਹਮ ਵਿਖੇ, ਮਿਲੇ ਹੋਏ ਲਿਵਲੀਨ, ਅਤਯੰਤ ਅਚਰਜ ਰੂਪ ਅਰੁ ਉਪਮਾ ਤੋਂ ਰਹਤ ਹਨ ॥੭॥

ਦੋਹਰਾ ।

ਮੁੜ ਸਪਸ਼ਟ ਕਰਦੇ ਹਨ:

ਪਰਮ ਜੋਤਿ ਮਿਲਿ ਜੋਤਿ ਮਹਿ ਜਗਮਗ ਜੋਤਿ ਸਰੂਪ ।

ਪਰਮ ਜੋਤ ਸਭ ਸੂਰ੍ਯ ਚੰਦ੍ਰਮਾ ਬਿਜਲੀ ਆਦਿ ਜੋਤਾਂ ਪ੍ਰਦਾਨ ਕਰਨ ਵਾਲੀ ਅਰੁ ਸਮੂਹ ਐਸੀਆਂ ਜੋਤਾਂ ਤੋਂ ਪਰੇ ਸਾਰੀਆਂ ਜੋਤਾਂ ਦੀ ਮਾਨੋ ਹੱਦ ਰੂਪ ਪਾਰਬ੍ਰਹਮੀ ਜੋਤ ਵਿਖੇ ਜਿਸ ਸਤਿਗੁਰੂ ਦੀ ਆਤਮ ਜਯੋਤੀ ਅਭੇਦ ਹੋਈ ਰਹਿੰਦੀ ਹੈ, ਅਤੇ ਆਕ੍ਰਿਤੀ ਸੂਰਤ ਦੀ ਆਭਾ ਜਿਨਾਂ ਦੀ ਦਗ ਦਗ ਕਰ ਰਹੀ ਹੈ।

ਪਰਮ ਤਤ ਤਤਹਿ ਮਿਲਿਓ ਅਦਭੁਤ ਅਤ ਹੀ ਅਨੂਪ ।੨।੩।

ਤੱਤ ਸਰੂਪੀ ਹੁੰਦੇ ਹੋਏ ਭੀ। ਉਹ ਪਰਮ ਤੱਤ ਪਰਮਾਤਮਾ ਵਿਚ ਹੀ ਇਸਥਿਤ ਹਨ। ਅਤਿਸੈਂ ਕਰ ਕੇ ਅਦਭੁਤ ਅਰੁ ਅਨੂਪ ਉਪਮਾ ਤੋਂ ਰਹਿਤ ਹਨ ॥੮॥

ਛੰਦ ।

ਗੁਰੂ ਅੰਗਦ ਸਰੂਪ ਜੋਤ ਜਗਾਈ:

ਅਦਭੁਤ ਅਤਿ ਹੀ ਅਨੂਪ ਰੂਪ ਪਾਰਸ ਕੈ ਪਾਰਸ ।

ਅਤਿਸੈਂ ਕਰ ਕੇ ਅਦਭੁਤ ਅਸਚਰਜ ਰੂਪ, ਅਰੁ ਅਤਯੰਤ ਅਨੂਪ ਹਨ ਪਾਰਸ ਸਰੂਪ ਐਸੇ ਜੋ ਪਾਰਸ ਦੇ ਭੀ ਬਨਾਣ ਹਾਰੇ-

ਗੁਰ ਅੰਗਦ ਮਿਲਿ ਅੰਗ ਸੰਗ ਮਿਲਿ ਸੰਗ ਉਧਾਰਸ ।

ਜਿਹਾ ਕਿ ਆਪਣੇ ਅੰਗਾਂ ਨਾਲ ਮਿਲਾ ਕੇ ਓਨਾਂ ਨੇ ਅੰਗਦ ਦੇਵ ਜੀ ਨੂੰ ਗੁਰੂ ਬਣਾ ਲਿਆ, ਜਿਨਾਂ ਦੇ ਸੰਗ ਮੇਲ ਸਤਿਸੰਗ ਵਿਚ ਜੋ ਭੀ ਆ ਰਲਿਆ, ਉਧਾਰ ਨਿਸਤਾਰੇ ਨੂੰ ਪ੍ਰਾਪਤ ਹੋ ਗਿਆ।

ਅਕਲ ਕਲਾ ਭਰਪੂਰਿ ਸੂਤ੍ਰ ਗਤਿ ਓਤਿ ਪੋਤਿ ਮਹਿ ।

ਗੁਰੂ ਮਹਾਰਾਜ ਜੀ ਨੇ ਆਪਣੀ ਅਕਲ ਕਲਾ ਮਾਯਕ ਭਾਵੋਂ ਰਹਿਤ ਕਲਾ ਦਿਬਯ ਸ਼ਕਤੀ ਐਸੀ ਓਨਾਂ ਵਿਚ ਕੁਟ ਕੁਟਕੇ ਭਰੀ ਕਿ ਪੜੇ ਦੇ ਤਾਣੇ ਪੇਟੇ ਵਿਚ ਸੂਤ੍ਰ ਦੀਆਂ ਤਾਰਾਂ ਵਤ ਸਰਬਾਂਸ਼ ਰੂਪਤਾ ਕਰ ਕੇ ਹੀ ਗਤਿ ਓਨਾਂ ਦੇ ਅੰਦਰ ਬਾਹਰ ਪ੍ਰਵਿਰਤ ਹੋ ਗਏ ਰਮ ਗਏ। ਭਾਵ ਆਪ ਨੇ ਉਨ੍ਹਾਂ ਨੂੰ ਆਪਣਾ ਤਦਰੂਪ ਹੀ ਬਣਾ ਲਿਆ।

ਜਗਮਗ ਜੋਤਿ ਸਰੂਪ ਜੋਤਿ ਮਿਲਿ ਜੋਤਿ ਜੋਤਿ ਮਹਿ ।੩।੩।

ਅਰਥਾਤ ਜੋਤ ਵਿੱਚ ਜੋਤ ਐਸੀ ਮਿਲਾਈ ਕਿ ਜੋ ਭੀ ਹੋਰ ਕੋਈ ਓਸ ਜੋਤੀ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ, ਓਸ ਅੰਦਰ ਭੀ ਜੋਤ ਜਗਮਗ ਜਗਮਗ ਕਰ ਉਠੀ ॥੯॥