ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 389


ਛਤ੍ਰ ਕੇ ਬਦਲੇ ਜੈਸੇ ਬੈਠੇ ਛਤਨਾ ਕੀ ਛਾਂਹ ਹੀਰਾ ਅਮੋਲਕ ਬਦਲੇ ਫਟਕ ਕਉ ਪਾਈਐ ।

ਜਿਸ ਤਰ੍ਹਾਂ ਛਤਰ ਦੇ ਬਦਲੇ ਵਿਚ ਛਾਤੇ ਛਤ੍ਰੀ ਦੀ ਛਾਯਾ ਤਲੇ ਬੈਠਿਆਂ ਤੇ ਅਮੋਲਕ ਹੀਰੇ ਦੀ ਬਦਲੀ ਬਿਲੌਰ ਦਾ ਮਣਕਾ ਪ੍ਰਾਪਤ ਕੀਤਿਆਂ ਸ਼ੋਭਾ ਨਹੀਂ ਰਹਿੰਦੀ।

ਜੈਸੇ ਮਨ ਕੰਚਨ ਕੇ ਬਦਲੇ ਕਾਚੁ ਗੁੰਜਾਫਲੁ ਕਾਬਰੀ ਪਟੰਬਰ ਕੇ ਬਦਲੇ ਓਢਾਈਐ ।

ਜਿਸ ਤਰ੍ਹਾਂ ਮਨਿ ਨਗੀਨੇ ਸੁੱਚੇ ਬਦਲੇ ਕੱਚ ਨੂੰ ਧਾਰ ਲਈਏ ਤੇ ਸੋਨੇ ਦੇ ਬਦਲੇ ਰਤਕਾਂ ਨੂੰ ਅਤੇ ਜੀਕੂੰ ਪਟੰਬਰ ਪੱਟ ਦੇ ਬਸਤ੍ਰ ਬਦਲੇ ਕੰਬਲੀ ਲੈ ਪਹਿਨੀਏ ਤਾਂ ਏਸ ਵਿਚ ਭੀ ਹੇਠੀ ਹੀ ਹੋਯਾ ਕਰਦੀ ਹੈ।

ਅੰਮ੍ਰਿਤ ਮਿਸਟਾਨ ਪਾਨ ਕੇ ਬਦਲੇ ਕਰੀਫਲ ਕੇਸਰ ਕਪੂਰ ਜਿਉ ਕਚੂਰ ਲੈ ਲਗਾਈਐ ।

ਅੰਮ੍ਰਿਤ ਜੈਸੇ ਮਿਠੇ ਸ੍ਵਾਦੀਕ ਮਿੱਠੇ ਮਿੱਠੇ ਖਾਣ ਪਾਣ ਦੇ ਪਦਾਰਥਾਂ ਬਦਲੇ ਕੌੜੇ ਫਲ ਖਾਨ ਪੀਣ ਲਗ ਪਈਏ ਅਤੇ ਕੇਸਰ ਕਪੂਰ ਦੇ ਲੇਪ ਬਦਲੇ ਜੀਕੂੰ ਕਚੂਰ ਲਗਾਨ ਲਗ ਜਾਈਏ ਤਾਂ ਇਹ ਭੀ ਹਾਸੋ ਹੀਣੀ ਗੱਲ ਹੀ ਹੁੰਦੀ ਹੈ।

ਭੇਟਤ ਅਸਾਧ ਸੁਖ ਸੁਕ੍ਰਿਤ ਸੂਖਮ ਹੋਤ ਸਾਗਰ ਅਥਾਹ ਜੈਸੇ ਬੇਲੀ ਮੈ ਸਮਾਈਐ ।੩੮੯।

ਐਸਾ ਹੀ ਫੇਰ ਜਿਸ ਪ੍ਰਕਾਰ ਅਥਾਹ ਸਾਗਰ ਵਿਚੋਂ ਜਲ ਬੇਲੀ ਮਸ਼ਕ ਅੰਦਰ ਪਾਇਆ ਹੋਯਾਂ ਉਹ ਅਪਨੀ ਅਥਾਹਤਾ ਨੂੰ ਵੰਜਾ ਕੇ ਸਮੁੰਦ੍ਰ ਦਾ ਜਲ ਅਖੌਣ ਦੀ ਥਾਂ ਮਸ਼ਕ ਦਾ ਜਲ ਅਖੌਣ ਲਗ ਪਿਆ ਕਰਦਾ ਹੈ ਇਸੇ ਪ੍ਰਕਾਰ ਹੀ ਅਸਾਧ ਸਾਕਤ ਮਨਮੁਖ ਨੂੰ ਭੇਟਨ ਭਿੱਟਨ ਛੁਹਨ ਮਾਤ੍ਰ ਤੇ ਹੀ ਸੁਖ ਅਤੇ ਸੁਕਰਣੀ ਭੀ ਸੂਖਮ ਹਲਕੀ ਮਾਤ ਤੇਜ ਹੀਣੀ ਹੋ ਜਾਯਾ ਕਰਦੀ ਹੈ ॥੩੮੯॥


Flag Counter