ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 453


ਜੈਸੇ ਉਲੂ ਆਦਿਤ ਉਦੋਤਿ ਜੋਤਿ ਕਉ ਨ ਜਾਨੇ ਆਨ ਦੇਵ ਸੇਵਕੈ ਨ ਸੂਝੈ ਸਾਧਸੰਗ ਮੈ ।

ਜਿਸ ਤਰ੍ਹਾਂ ਉੱਲੂ ਆਦਿਤ ਉਦੋਤਿ ਸੂਰਜ ਦੇ ਉਦੇ ਹੋਇਆਂ ਓਸ ਦੀ ਜੋਤ ਚਮਕ ਦਮਕ ਨੂੰ ਨਹੀਂ ਜਾਨੈ ਪਛਾਨਿਆ ਕਰਦਾ ਇਸੇ ਤਰ੍ਹਾਂ ਆਨ ਦੇਵ ਸੇਵਕ ਨੂੰ ਸਾਧ ਸੰਗਤ ਅੰਦਰ ਸਤਿਗੁਰਾਂ ਦਾ ਪ੍ਰਤਾਪ ਭੀ ਨਹੀਂ ਸੁਝਿਆ ਕਰਦਾ ਵਾ ਪਰਮਾਰਥ ਦੀ ਸੂਝ ਨਹੀਂ ਪੈਂਦੀ।

ਮਰਕਟ ਮਨ ਮਾਨਿਕ ਮਹਿਮਾ ਨ ਜਾਨੇ ਆਨ ਦੇਵ ਸੇਵਕ ਨ ਸਬਦੁ ਪ੍ਰਸੰਗ ਮੈ ।

ਜਿਸ ਤਰ੍ਹਾਂ ਮਰਕਟ ਬਾਂਦਰ ਹੀਰਿਆਂ ਜ੍ਵਾਹਰਾਤਾਂ ਦੀ ਮਹਿਮਾ ਕਦਰ ਨੂੰ ਨਹੀਂ ਜਾਣਦਾ; ਤੀਕੂੰ ਹੀ ਆਨ ਦੇਵ ਸੇਵਕ ਸਾਧ ਸੰਗਤ ਅੰਦਰ ਗੁਰੂ ਕੇ ਸਬਦ ਉਪਦੇਸ਼ ਦੇ ਪ੍ਰਸੰਗ ਪ੍ਰਕਰਣ ਵਾ ਨਿਰਣੇ ਨੂੰ ਨਹੀਂ ਸਮਝ ਸਕਦਾ।

ਜੈਸੇ ਤਉ ਫਨਿੰਦ੍ਰ ਪੈ ਪਾਠ ਮਹਾਤਮੈ ਨ ਜਾਨੈ ਆਨ ਦੇਵ ਸੇਵਕ ਮਹਾਪ੍ਰਸਾਦਿ ਅੰਗ ਮੈ ।

ਜਿਸ ਪ੍ਰਕਾਰ ਫੇਰ ਸੱਪ ਦੁਧ ਪੀਨ ਦੇ ਮਹਾਤਮ ਨੂੰ ਨਹੀਂ ਜਾਣਦਾ ਇਸੇ ਤਰ੍ਹਾਂ ਹੀ ਆਨ ਦੇਵ ਸੇਵਕ ਮਹਾ ਪ੍ਰਸਾਦਿ ਅੰਗ ਮੈ ਕੜਾਹ ਪ੍ਰਸ਼ਾਦ ਦੇ ਪੱਖ ਬਾਰੇ ਵਿਚ ਵਾ ਅੰਗ ਬੁੱਕ ਵਿਚ ਪਏ ਕੜਾਹ ਪ੍ਰਸ਼ਾਦ ਦੇ ਮਹੱਤ ਨੂੰ ਨਹੀਂ ਜਾਣ੍ਯਾ ਕਰਦਾ ਜਿਸ ਕਰ ਕੇ ਨਿਰਾਦਰ ਕਰਦਾ ਹੈ।

ਬਿਨੁ ਹੰਸ ਬੰਸ ਬਗ ਠਗ ਨ ਸਕਤ ਟਿਕ ਅਗਮ ਅਗਾਧਿ ਸੁਖ ਸਾਗਰ ਤਰੰਗ ਮੈ ।੪੫੩।

ਤਿਸੇ ਪ੍ਰਕਾਰ ਹੀ ਹੰਸਾਂ ਦੀ ਬੰਸ ਸੱਚੇ ਸਿੱਖਾਂ ਬਿਨਾਂ ਬਗਲੇ ਠਗ ਆਨ ਦੇਵ ਸੇਵਕ ਅਗਮ ਅਗਾਧ ਆਸ਼ਯ ਵਾਲੇ ਸੁਖ ਸਮੁੰਦ੍ਰ ਮਾਨਸਰੋਵਰ ਸਰੂਪ ਸਤਿਗੁਰਾਂ ਦੀਆਂ ਉਪਦੇਸ਼ ਰੂਪ ਲਹਿਰਾਂ ਵਿਖੇ ਨਹੀਂ ਟਿਕ ਸਕ੍ਯਾ; ਬੈਠੇ ਰਹਿ ਸਕ੍ਯਾ ਕਰਦੇ ॥੪੫੩॥