ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 584


ਜੈਸੇ ਜਨਮਤ ਕੰਨ੍ਯਾ ਦੀਜੀਐ ਦਹੇਜ ਘਨੋ ਤਾ ਕੇ ਸੁਤ ਆਗੈ ਬ੍ਯਾਹੇ ਬਹੁ ਪੁਨ ਲੀਜੀਐ ।

ਜਿਵੇਂ ਧੀ ਜੰਮਦੀ ਹੈ ਤਾਂ ਉਸ ਦੇ ਵਿਆਹ ਸਮੇਂ ਬਹੁਤ ਦਾਜ ਦੇਈਦਾ ਹੈ, ਪਰ ਜਦ ਅਗੋਂ ਉਸ ਦੇ ਪੁਤ੍ਰਾਂ ਦੇ ਵਿਆਹ ਕਰੀਦੇ ਹਨ, ਤਾਂ ਫਿਰ ਬਹੁਤਾ ਦਾਜ ਲਈਦਾ ਹੈ।

ਜੈਸੇ ਦਾਮ ਲਾਈਅਤ ਪ੍ਰਥਮ ਬਨਜ ਬਿਖੈ ਪਾਛੈ ਲਾਭ ਹੋਤ ਮਨ ਸਕੁਚ ਨ ਕੀਜੀਐ ।

ਜਿਵੇਂ ਪਹਿਲੋਂ ਵਣਜ ਵਪਾਰ ਵਿਚ ਰੁਪਏ ਆਪਣੇ ਕੋਲੋਂ ਖਰਚੀਦੇ ਹਨ ਪਰ ਪਿਛੋਂ ਨਫਾ ਲੈਣ ਵਾਸਤੇ ਮਨ ਵਿਚ ਕੋਈ ਸੰਕੋਚ ਨਹੀਂ ਕਰੀਦਾ।

ਜੈਸੇ ਗਊ ਸੇਵਾ ਕੈ ਸਹੇਤ ਪ੍ਰਤਿਪਾਲੀਅਤ ਸਕਲ ਅਖਾਦ ਵਾ ਕੋ ਦੂਧ ਦੁਹਿ ਪੀਜੀਐ ।

ਜਿਵੇਂ ਗਊ ਸੇਵਾ ਕਰ ਕੇ ਪਿਆਰ ਨਾਲ ਪਾਲੀਦੀ ਹੈ, ਪਰ ਸਾਰੀਆਂ ਚੀਜਾਂ ਜੋ ਮਨੁੱਖਾਂ ਲਈ ਨਾ ਖਾਣ ਯੋਗ ਹਨ ਭਾਵ ਘਾਹ ਛੂੜੀ ਆਦਿ ਉਸ ਨੂੰ ਦੇ ਕੇ ਉਸ ਦੇ ਬਦਲੇ ਅਮ੍ਰਿਤ ਵਰਗਾ ਦੁੱਧ ਚੋ ਕੇ ਪੀਵੀਦਾ ਹੈ।

ਤੈਸੇ ਤਨ ਮਨ ਧਨ ਅਰਪ ਸਰਨ ਗੁਰ ਦੀਖ੍ਯਾ ਦਾਨ ਲੈ ਅਮਰ ਸਦ ਸਦ ਜੀਜੀਐ ।੫੮੪।

ਇਸ ਤਰ੍ਹਾਂ ਗੁਰੂ ਦੀ ਸ਼ਰਨ ਪੈ ਕੇ ਤਨ ਮਨ ਧਨ ਗੁਰੂ ਨੂੰ ਅਰਪਨ ਕਰ ਦਈਦਾ ਹੈ, ਅਤੇ ਗੁਰੂ ਤੋਂ ਨਾਮ ਦਾ ਦਾਨ ਲੈ ਕੇ ਸਦਾ ਲਈ ਜੀ ਉਠੀਦਾ ਹੈ ॥੫੮੪॥