ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 5


ਸੋਰਠਾ ।

ਗੁਰੂ ਅਮਰਦੇਵ ਦੀ ਸੰਗਤ ਵਿਚ ਸ੍ਰੀ ਰਾਮਦਾਸ ਜੀ:

ਬ੍ਰਹਮਾਸਨ ਬਿਸ੍ਰਾਮ ਗੁਰ ਭਏ ਗੁਰਮੁਖਿ ਸੰਧਿ ਮਿਲਿ ।

ਬ੍ਰਹਮ ਦਾ ਆਸਨ ਇਸਥਿਤੀ ਦਸਵੇਂ ਦ੍ਵਾਰੇ ਵਿਖੇ ਓਨ੍ਹਾਂ ਨੂੰ ਵਿਸਰਾਮ ਟਿਕਾਉ ਪ੍ਰਾਪਤ ਹੋਣ ਕਰ ਕੇ ਹੁਣ ਉਹ ਗੁਰਮੁਖ ਰਾਮ ਦਾਸ ਤੋਂ ਸ੍ਰੀ ਗੁਰੂ ਰਾਮਦਾਸ ਜੀ ਬਣ ਗਏ

ਗੁਰਮੁਖਿ ਰਮਤਾ ਰਾਮ ਰਾਮ ਨਾਮ ਗੁਰਮੁਖਿ ਭਏ ।੧।੫।

(ਕੌਣ?) ਰਾਮ ਹੈ ਨਾਮ ਜਿਨਾਂ ਦਾ, ਜਦ ਉਹ ਗੁਰੂ ਸ੍ਰੀ ਗੁਰੂ ਅਮਰਦੇਵ ਜੀ ਦੇ ਮੁਖ ਭਏ = ਸਨਮੁਖ ਹੋਏ, ਭਾਵ ਜਦ ਗੁਰੂ ਮਹਾਰਾਜ ਜੀ ਦਾ ਦਰਸ਼ਨ ਓਨ੍ਹਾਂ ਨੂੰ ਪ੍ਰਾਪਤ ਹੋਇਆ, ਰਾਮ ਪ੍ਰੀਪੂਰਣ ਪਰਮਾਤਮਾ ਵਿਖੇ ਰਮਣ ਕਰਣ ਹਾਰੇ ਗੁਰਮੁਖ ਹੀ ਬਣ ਗਏ ॥੧੩॥

ਦੋਹਰਾ ।

ਮਾਲਕ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਦਾਸ ਕਹਾਏ:

ਗੁਰ ਭਏ ਗੁਰਸਿਖ ਸੰਧ ਮਿਲਿ ਬ੍ਰਹਮਾਸਨ ਬਿਸ੍ਰਾਮ ।

ਜਦ ਗੁਰਮੁਖੀ ਸੰਧੀ ਵਿਖੇ ਮੇਲਾ ਮਿਲ ਗਿਆ - ਭਾਵ ਪੂਰਣ ਪ੍ਰਤੀਤ ਆ ਗਈ ਤਾਂ ਬ੍ਰਹਮ ਆਸਨ ਬ੍ਰਹਮ ਸਰੂਪੀ ਇਥਿਤੀ ਵਿਖੇ ਬਿਸਰਾਮ ਅਰਾਮ ਪਾ ਕਰ - ਇਸਥਿਤ ਹੋ ਕੇ ਸਾਖ੍ਯਾਤ, ਗੁਰੂ ਹੀ ਬਣ ਗਏ

ਰਾਮ ਨਾਮ ਗੁਰਮੁਖਿ ਭਏ ਗੁਰਮੁਖਿ ਰਮਤਾ ਰਾਮ ।੨।੫।

ਸਭ ਵਿਖੇ ਰਮਣ ਕਰਣ ਹਾਰੇ ਸਰਬ ਬ੍ਯਾਪੀ ਸਰੂਪ ਰਾਮ ਹੁੰਦੇ ਹੋਏ ਵੀ ਜਿਨ੍ਹਾਂ ਨੇ ਅਪਨੇ ਆਪ ਨੂੰ ਗੁਰਮੁਖਿ ਦਾਸ ਅਰਥਾਤ 'ਰਾਮਦਾਸ' ਕਹਾਯਾ ਸੀ ਓਹੀ ਰਾਮ ਨਾਮੀਏ ਨਾਮ ਲੇਵੇ = ਦੀਖ੍ਯਤ ਗੁਰਮੁਖੀ ਗੁਰਸਿਖ ਗੁਰੂ ਅਮਰ ਦੇਵ ਜੀ ਦੇ ਬਣੇ ॥੧੪॥

ਛੰਦ ।

ਸ੍ਰੀ ਰਾਮਦਾਸ ਜੀ ਗੁਰੂ ਹੋ ਪ੍ਰਗਟੇ:

ਗੁਰਮੁਖਿ ਰਮਤਾ ਰਾਮ ਨਾਮ ਗੁਰਮੁਖਿ ਪ੍ਰਗਟਾਇਓ ।

ਸ੍ਰਿਸ਼ਟੀ ਮਾਤ੍ਰ ਦੇ ਇੱਕ ਹੀ ਮੁਖ ਗੁਰੂ (ਆਦਿ ਗੁਰੂ) ਰਮਤਾ ਰਾਮ ਹੁੰਦਿਆਂ ਸੁੰਦਿਆਂ ਜਿਨ੍ਹਾਂ ਨੇ ਅਪਣਾ ਨਾਮ ਗੁਰਮੁਖ ਦਾਸ ਪ੍ਰਸਿੱਧ ਕੀਤਾ ਭਾਵ ਸਾਖ੍ਯਾਤ ਆਦ ਪੁਰਖ ਪਰਮਾਤਮਾ ਹੋਣ ਤੇ ਭੀ ਜਿਨ੍ਹਾਂ ਨੇ ਆਪਣੇ ਆਪ ਨੂੰ ਨਿਰੋਲ 'ਰਾਮ ਦਾਸ' ਰਾਮਦਾਸ ਅਖਵਾਇਆ।

ਸਬਦ ਸੁਰਤਿ ਗੁਰੁ ਗਿਆਨ ਧਿਆਨ ਗੁਰ ਗੁਰੂ ਕਹਾਇਓ ।

ਓਨਾਂ ਨੇ ਭੀ ਸ੍ਰੀ ਗੁਰੂ ਨਾਨਕ ਦੇਵ ਦੀ ਚਲਾਈ ਨਿਰੰਕਾਰੀ ਪੱਧਤੀ ਦੀ ਪ੍ਰਪਾਟੀ ਨੂੰ ਅਗਾਹਾਂ ਚਲਾਣ ਖਾਤਰ, ਗੁਰੂ ਅਮਰ ਦੇਵ ਜੀ ਪਾਸੋਂ ਸ਼ਬਦ ਸੁਰਤ ਦਾ ਗਿਆਨ ਮਰਮ ਜਾਣ ਕੇ ਓਸ ਮੂਜਬ ਧਿਆਂਨ ਕਰਦਿਆਂ ਮਹਾਂ ਗੁਰੂ ਸਮੂਹ ਗੁਰੂਆਂ ਦੇ ਗੁਰੂ ਨਿਰੰਕਾਰ ਨੂੰ ਅੰਤਰਮੁਖੀ ਭਾਵ ਵਿਖੇ ਜਪਿਆ।

ਦੀਪ ਜੋਤਿ ਮਿਲਿ ਦੀਪ ਜੋਤਿ ਜਗਮਗ ਅੰਤਰਿ ਉਰ ।

ਇਉਂ ਅਭ੍ਯਾਸ ਸਾਧਦਿਆਂ ਜਦ ਆਤਮ ਜੋਤੀ ਪਰਮਾਤਮ ਜੋਤੀ ਵਿਖੇ ਮਿਲ ਗਈ ਭਾਵ ਸ਼ਬਦ ਵਿਖੇ ਸੁਰਤ ਦਾ ਧਿਆਨ ਲਿਵ ਲਗਾਂਦਿਆਂ ਲਗਾਂਦਿਆਂ *ਆਤਮਾ ਪਰਾਤਮਾ ਏਕੋ ਕਰੈ ॥ ਅੰਤਰ ਕੀ ਦੁਬਿਧਾ ਅੰਤਰਿ ਮਰੈ ॥* ਬਚਨ ਮੂਜਬ ਜਦ ਏਕਤਾ ਦਾ ਭੇਦ ਖੁੱਲ ਗਿਆ ਤਾਂ ਰਿਦੇ ਅੰਦਰ ਜਗ ਮਗ ਜਗ ਮਗ ਚਮਤਕਾਰ ਹੋ ਆਇਆ।

ਗੁਰਮੁਖਿ ਰਮਤਾ ਰਾਮ ਸੰਧ ਗੁਰਮੁਖਿ ਮਿਲਿ ਭਏ ਗੁਰ ।੩।੫।

ਇਸ ਅਨੁਭਵ ਵਿਖੇ ਜ੍ਯੋਂ ਹੀ ਗੁਰਮੁਖੀ ਸੰਧੀ ਮਿਲੀ ਰਮਤੇ ਲਿਵਲੀਨ = ਮਸਤਾਨੇ ਰਾਮ ਦਾਸ ਜੀ ਗੁਰਮੁਖ ਤੋਂ ਗੁਰ ਹੀ ਹੋ ਗਏ ॥੧੫॥


Flag Counter