ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 571


ਬਾਯਸ ਉਡਹ ਬਲ ਜਾਉ ਬੇਗ ਮਿਲੌ ਪੀਯ ਮਿਟੈ ਦੁਖ ਰੋਗ ਸੋਗ ਬਿਰਹ ਬਿਯੋਗ ਕੋ ।

ਤੈਥੋਂ ਵਾਰੀ ਜਾਵਾਂ ਹੇ ਕਾਵਾਂ! ਛੇਤੀ ਉਡ ਕੇ ਜਾਹ ਤੇ ਪਤੀ ਨੂੰ ਲੈ ਆ ਜੋ ਮੈਂ ਪੀਆ ਨੂੰ ਮਿਲ ਪਵਾਂ ਤੇ ਮੇਰੇ ਵਿਛੋੜੇ ਦੇ ਬਿਰਹ ਦੇ ਰੋਗ ਦਾ ਦੁੱਖ ਤੇ ਚਿੰਤਾ ਮਿਟ ਜਾਵੇ।

ਅਵਧ ਬਿਕਟ ਕਟੈ ਕਪਟ ਅੰਤਰ ਪਟ ਦੇਖਉ ਦਿਨ ਪ੍ਰੇਮ ਰਸ ਸਹਜ ਸੰਜੋਗ ਕੋ ।

ਹੇ ਪਿਆਰੇ! ਦੁਖ ਰੋਗ ਤੇ ਸੋਗ ਵਿਚ ਉਮਰਾ ਬਹੁਤ ਔਖੀ ਬੀਤ ਰਹੀ ਹੈ, ਕੀ ਪਤਾ ਕਿ ਮੇਰੇ ਅੰਦਰ ਲੁਕਿਆ ਛਿਪਿਆ ਕੋਈ ਕਪਟ ਦਾ ਪਰਦਾ ਨਾ ਹੋਵੇ, ਹਾਇ! ਮੈਂ ਉਹ ਦਿਨ ਪ੍ਰੇਮ ਰਸ ਦੇ ਸੁਤੇ ਮਿਲਾਪ ਵਾਲਾ ਕਿੰਝ ਦੇਖਾਂ!

ਲਾਲ ਨ ਆਵਤ ਸੁਭ ਲਗਨ ਸਗਨ ਭਲੇ ਹੋਇ ਨ ਬਿਲੰਬ ਕਛੁ ਭੇਦ ਬੇਦ ਲੋਕ ਕੋ ।

ਮੁਹੂਰਤ ਭੀ ਸ਼ੁਭ ਹਨ ਤੇ ਸ਼ਗਨ ਭੀ ਭਲੇ ਹੋ ਰਹੇ ਹਨ, ਫਿਰ ਲਾਲ ਕਿਉਂ ਨਹੀਂ ਆਉਂਦਾ? ਕਿਤੇ ਦੇਰੀ ਦਾ ਭੇਤ ਲੋਕ ਵੇਦ ਲੋਕਿਕ ਮੁਹੂਰਤ ਤਾਂ ਨਹੀਂ?

ਅਤਿਹਿ ਆਤੁਰ ਭਈ ਅਧਿਕ ਔਸੇਰ ਲਾਗੀ ਧੀਰਜ ਨ ਧਰੌ ਖੋਜੌ ਧਾਰਿ ਭੇਖ ਜੋਗ ਕੋ ।੫੭੧।

ਹਾਇ! ਮੈਂ ਹੁਣ ਬਹੁਤ ਦੁਖੀ ਹੋ ਗਈ ਹਾਂ ਬੜੀ ਦੇਰ ਲੱਗ ਗਈ ਹੈ ਧੀਰਜ ਨਹੀਂ ਧਾਰ ਸਕਦੀ ਹਾਂ। ਸੋ ਹੁਣ ਇਹੋ ਠੀਕ ਹੈ ਕਿ ਮੈਂ ਜੋਗਨ ਦਾ ਭੇਖ ਧਾਰ ਕੇ ਆਪ ਖੋਜ ਕਰਨ ਤੁਰ ਪਵਾਂ ॥੫੭੧॥