ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 204


ਕਿੰਚਤ ਕਟਾਛ ਕ੍ਰਿਪਾ ਬਦਨ ਅਨੂਪ ਰੂਪ ਅਤਿ ਅਸਚਰਜ ਮੈ ਨਾਇਕ ਕਹਾਈ ਹੈ ।

ਉਕਤ ਬਿਰਹਾਤੁਰ ਸਿੱਖ ਉਪਰ ਜਦ ਸਤਿਗੁਰੂ ਕਿੰਚਿਤ ਭਰ ਥੋੜੀ ਮਾਤ੍ਰ ਕ੍ਰਿਪਾ ਭਰੀ ਚਿਤਵਨ ਨਾਲ ਤੱਕਦੇ ਹਨ ਤਾਂ ਓਸ ਦੇ ਬਦਨ ਚਿਹਰੇ ਉਪਰ ਅਨੂਪਮ ਰੂਪ ਵਾਲੀ ਅਤ੍ਯੰਤ ਅਚਰਜ ਭਾਵ ਵਾਲੀ ਦਮਕ ਆਤਮਿਕ ਓਜ ਪ੍ਰਗਟ ਹੋ ਪੈਂਦੀ ਹੈ, ਜਿਸ ਕਰ ਕੇ ਉਹ ਸਮੂਹ ਗੁਰਮੁਖਾਂ ਦੀ ਨਾਯਕਾ ਸ਼ਿਰੋਮਣੀ ਪ੍ਰਧਾਨ ਅਖਾਣ ਲਗ ਪੈਂਦੀ ਹੈ ਭਾਵ ਜਿਗਿਆਸੂ ਸਿਖਿਆ ਲੈ ਕੇ ਸਿੱਖ ਬਣਾ, ਸਤਿਗੁਰਾਂ ਦਾ ਮਨ ਭੌਂਦਾ ਬਣਦੇ ਸਾਰ ਹੀ ਸਭ ਨਾਮ ਧਰੀਕ ਸੇਵਕਾਂ ਸਿੱਖਾਂ ਦਾ ਮੁਖੀਆ ਪੂਰਣ ਗੁਰਮੁਖ ਬਣ ਜਾਯਾ ਕਰਦਾ ਹੈ।

ਲੋਚਨ ਕੀ ਪੁਤਰੀ ਮੈ ਤਨਕ ਤਾਰਕਾ ਸਿਆਮ ਤਾ ਕੋ ਪ੍ਰਤਿਬਿੰਬ ਤਿਲ ਬਨਿਤਾ ਬਨਾਈ ਹੈ ।

ਜਿਸ ਗੁਰੂ ਭਰਤੇ ਪ੍ਰਾਯਣ ਰਹਿਣ ਹਾਰੀ ਉਹ ਗੁਰਮੁਖ ਭਾਵੀ ਬਨਿਤਾ ਗੁਰੂ ਮਹਾਰਾਜ ਦੇ ਪ੍ਰੇਮ ਦਾ ਨਿਵਾਸ ਸਥਾਨ ਹੋਣ ਕਾਰਣ ਗੁਰੂ ਮਹਲਾ ਨੇ ਨੇਤ੍ਰਾਂ ਦੀ ਪੁਤਲੀ ਵਿਖੇ ਸ੍ਯਾਮ ਰੰਗੀ ਸੂਖਮ ਤਾਰੀ ਧੀਰੀ ਦੇ ਪ੍ਰਤਿਬਿੰਬ ਪਰਛਾਵੇਂ ਯਾ ਪਰਤੋਂ ਨੂੰ ਤਿਲ ਬਿੰਦੀ ਸਮਾਨ ਬਣਾ ਰਖ੍ਯਾ ਹੈ। ਭਾਵ ਨੇਤ੍ਰਾਂ ਦੀਆਂ ਪੁਤਲੀਆਂ ਤੋਂ ਪਰੇ ਪਿਛਵਾੜ ਵਿਖੇ ਜੋ ਉਲਟਵਾਂ ਪ੍ਰਕਾਸ਼ ਪ੍ਰਕਾਸ਼ ਦਾ ਸੋਮਾ, ਅੰਦਰ ਹੈ ਗੁਰਮੁਖ ਓਸ ਦੀ ਬਿੰਦੀ ਬਣਾਈ ਰਖਦਾ ਹੈ ਅਰਥਾਤ ਗੁਰੂ ਮਹਾਰਾਜ ਦੀ ਪੂਰਣ ਪ੍ਰਸੰਨਤਾ ਪ੍ਰਾਪਤੀ ਖਾਤਰ ਸਦੀਵ ਕਾਲ ਧਿਆਨ ਵਿਚ ਇਸਥਿਤ ਰਹਿੰਦਾ ਹੈ:

ਕੋਟਨਿ ਕੋਟਾਨਿ ਛਬਿ ਤਿਲ ਛਿਪਤ ਛਾਹ ਕੋਟਨਿ ਕੋਟਾਨਿ ਸੋਭ ਲੋਭ ਲਲਚਾਈ ਹੈ ।

ਕ੍ਰੋੜਾਂ ਕੋਟੀਟਾ ਛਬਿ ਸੁੰਦਰਤਾ ਓਸ ਤਿਲ ਦੀ ਛਾਯਾ ਵਿਚ ਛਪੀਆਂ ਰਹਿੰਦੀਆਂ ਹਨ ਅਰੁ ਕ੍ਰੋੜਾਂ ਕੋਟੀਆਂ ਹੀ ਖੰਡਾਂ ਬ੍ਰਹਮੰਡਾਂ ਦੀ ਸੋਭਾ ਉਕਤ ਤਿਲ ਦੀ ਸੋਭਾ ਤੋਂ ਸੁਭਾਯਮਾਨ ਹੋਣ ਲਈ ਲੁਭਿਤ ਹੋ ਲਲਚਦੀ ਰਹਿੰਦੀ ਹੈ।

ਕੋਟਿ ਬ੍ਰਹਮੰਡ ਕੇ ਨਾਇਕ ਕੀ ਨਾਇਕਾ ਭਈ ਤਿਲ ਕੇ ਤਿਲਕ ਸਰਬ ਨਾਇਕਾ ਮਿਟਾਈ ਹੈ ।੨੦੪।

ਕ੍ਰੋੜਾਂ ਅਨੰਤਾਂ ਹੀ ਬ੍ਰਹਮਾਂਡਾਂ ਦਾ ਮਾਲਕ ਨ੍ਯੰਤਾ ਪ੍ਰੇਰਕ ਅੰਤਰਯਾਮੀ ਜੋ ਹੈ, ਓਸ ਦੀ ਨਾਯਕਾ ਜਦ ਸ੍ਵਾਮਨੀ ਭਾਵ ਨੂੰ ਅਨੰਨ ਸਰੂਪਤਾ ਨੂੰ ਪ੍ਰਾਪਤ ਹੋ ਜਾਵੇ ਤਾਂ ਉਸ ਤਿਲ ਦੇ ਤਿਲਕ ਦੀ ਦਮਕ ਅਗੇ ਸਭ ਹੀ ਨਾਯਕਾ ਪੂਰਬ ਕਾਲ ਵਿਖੇ ਭਗਤੀ ਭਾਵ ਕਰ ਕੇ ਸਿਰੋਮਣਿ ਹੋਣ ਦਾ ਅਭਿਮਾਨ ਕਰਣਹਾਰੇ ਰਿਖੀ ਮੁਨੀ ਜਨ ਮਾਤ ਪੈ ਜਾਂਦੇ ਹਨ।