ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 266


ਅਹਿਨਿਸਿ ਭ੍ਰਮਤ ਕਮਲ ਕੁਮੁਦਨੀ ਕੋ ਸਸਿ ਮਿਲਿ ਬਿਛਰਤ ਸੋਗ ਹਰਖ ਬਿਆਪਹੀ ।

ਦਿਨ ਰਾਤ ਭਟਕਦਾ ਹੈ ਕੁਮੁਦਨੀ ਨੀਲੋਤਪਲ ਨੀਲੋਫਰ ਕਵੀ ਨਾਮ ਵਾਲਾ ਕੌਲ ਫੁੱਲ ਕੋ ਸਸਿ ਚੰਦ੍ਰਮਾ ਲਈ ਭਾਵ ਚੰਦ੍ਰਮਾ ਦੇ ਦਰਸ਼ਨ ਦੀ ਖਾਤਰ। ਪ੍ਰੰਤੂ ਜਦ ਚੰਦ ਮਿਲ ਪੈਂਦਾ ਰਾਤ ਨੂੰ ਉਦੇ ਹੋ ਦਰਸ਼ਨ ਦਿੰਦਾ ਹੈ, ਤਾਂ ਉਸ ਦੇ ਅੰਦਰ ਹਰਖ ਪੂਰਣ ਹੋ ਔਂਦਾ ਉਹ ਖਿੜ ਪੈਂਦਾ ਹੈ, ਅਰੁ ਜਦ ਦਿਨ ਸਮੇਂ ਬਿਛੁਰਤ ਵਿਛੁੜ ਜਾਂਦਾ ਅਸਤ ਹੋ ਜਾਂਦਾ ਹੈ, ਤਾਂ ਸੋਗ ਬਿਆਪਤ ਸੋਗ ਨਾਲ ਭਰਪੂਰ ਹੋ ਸਮੀਟ ਜਾਂਦਾ ਹੈ। ਐਸਾ ਹੀ ਹਾਲ ਸੂਰਜ ਬੰਸੀ ਕੌਲਾਂ ਦਾ ਸਮਝੋ ਜਿਸ ਨੂੰ ਤੱਕਕੇ ਗੁਰਮੁਖ ਨੇ:

ਰਵਿ ਸਸਿ ਉਲੰਘਿ ਸਰਨਿ ਸਤਿਗੁਰ ਗਹੀ ਚਰਨ ਕਮਲ ਸੁਖ ਸੰਪਟ ਮਿਲਾਪਹੀ ।

ਉਦੇ ਅਸਤ ਹੋ ਕਾਰਣ ਸੂਰਜ ਅਰੁ ਚੰਦ੍ਰਮਾ ਦੇ ਦਰਸ਼ਨ ਵਾਲੀ ਪ੍ਰੀਤੀ ਦੇ ਨਾਸ਼ਵੰਤ ਚਾਲੇ ਵਾਕੂੰ ਕਦੀ ਅੱਖਾਂ ਅਗੇ ਔਣ ਤੇ ਕਦੀ ਹਟ ਜਾਣ ਵਾਲੀ ਮੂਰਤੀ ਆਦਿ ਦੇ ਧਿਆਨਾਂ ਦੀ ਧਾਰਣਾ ਨੂੰ ਉਲੰਘ ਟੱਪ ਕੇ ਤਿਆਗ ਕੇ ਸਤ੍ਯ ਸਰੂਪ ਗੁਰੂ ਮਹਾਰਾਜ ਦੀ ਸਰਣ ਹੀ ਗ੍ਰਹਿਣ ਕੀਤੀ ਹੈ। ਅਥਵਾ ਚੰਦ੍ਰਮਾ ਦੇ ਅਧੀਨ ਨਿਭਨ ਵਾਲੀਆਂ ਸ਼ਰੀਰਿਕ ਸੰਸਾਰੀ ਪ੍ਰੀਤੀਆਂ ਵਾਲੇ ਰਾਹ ਨੂੰ ਤਿਆਗ ਕੇ ਸਤਿਗੁਰਾਂ ਦੀ ਸ਼ਰਣ ਹੀ ਗ੍ਰਹਿਣ ਕੀਤੀ ਹੈ, ਜਿਸ ਕਰ ਕੇ ਓਨਾਂ ਦੇ ਚਰਣ ਕਮਲਾਂ ਦੇ ਮਿਲਾਪ ਪ੍ਰਾਪਤੀ ਦੇ ਸੁਖ ਵਿਚ ਹੀ ਸੰਪੁਟ ਸੰਲਗਨ ਲਪਟਾਯਮਾਨ ਮਗਨ ਹੋਇਆ ਰਹਿੰਦਾ ਹੈ।

ਸਹਜ ਸਮਾਧਿ ਨਿਜ ਆਸਨ ਸੁਬਾਸਨ ਕੈ ਮਧੁ ਮਕਰੰਦ ਰਸੁ ਲੁਭਿਤ ਅਜਾਪਹੀ ।

ਅਰ ਇਸ ਪ੍ਰਕਾਰ 'ਨਿਜ ਆਸਨ' ਆਤਮ ਪਦ ਬਿਖੇ ਸਹਿਜੇ ਹੀ ਇਸਥਿਤ ਹੋਇਆ ਹੋਇਆ ਪ੍ਰੇਮ ਰਸ ਰੂਪ ਮਕਰੰਦ ਮਧ ਪ੍ਰਾਪਤ 'ਸੁਬਾਸਨ' ਸ੍ਰੇਸ਼ਟ ਬਾਸ਼ਨਾ ਸੁਕੀਰਤੀ ਕਰ ਕੇ (ਅੰਤਰਮੁਖੀ ਭਾਵ ਵਿਖੇ ਕੀਰਤਨ ਕਰਦਾ ਹੋਇਆ) ਅਜਾਪ ਭਾਵ ਵਿਖੇ ਲੁਭਾਇਮਾਨ ਰਹਿੰਦਾ ਹੈ।

ਤ੍ਰਿਗੁਨ ਅਤੀਤ ਹੁਇ ਬਿਸ੍ਰਾਮ ਨਿਹਕਾਮ ਧਾਮ ਉਨਮਨ ਮਗਨ ਅਨਾਹਦ ਅਲਾਪਹੀ ।੨੬੬।

ਮਾਨੋ ਇਵੇਂ ਹੀ ਨਿਸ਼ਕਾਮ ਅਫੁਰ ਧਾਮਪਦ ਵਿਖੇ ਬਿਸ੍ਰਾਮ ਟਿਕਉ ਨੂੰ ਪਾਕੇ, ਤਿੰਨਾਂ ਗੁਣਾਂ ਤੋਂ ਰਹਿਤ ਹੋਯਾ ਹੋਯਾ ਤੁਰੀਆ ਭਾਵ ਸਰੂਪਣੀ ਉਨਮਨੀ ਅਵਸਥਾ ਵਿਖੇ ਮਸਤ, ਅਨਹਦ ਧੁਨੀ ਦ੍ਵਾਰੇ ਅਲਾਪ ਕਰਦਾ ਰਹਿੰਦਾ ਸ਼ਬਦ ਦੀ ਅਗੰਮੀ ਤਾਰ ਲਾਈ ਰਖਦਾ ਹੈ ॥੨੬੬॥