ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 125


ਸਹਜ ਸਮਾਧਿ ਸਾਧਸੰਗਤਿ ਮੈ ਸਾਚੁਖੰਡ ਸਤਿਗੁਰ ਪੂਰਨ ਬ੍ਰਹਮ ਕੋ ਨਿਵਾਸ ਹੈ ।

ਸਹਜ ਸਮਾਧਿ ਸਾਧ ਸੰਗਤਿ ਮੈ ਸਾਧ ਸੰਗਤਿ ਮੈ ਗੁਰਸਿੱਖਾਂ ਦੇ ਸਤਿਸੰਗ ਵਿਚ ਸਹਿਜੇ ਹੀ ਵਾ ਸਹਿਜ ਸਰੂਪ ਵਿਖੇ ਸਮਾਧਿ ਲਗ ਜਾਇਆ ਕਰਦੀ ਹੈ ਸਹਿਜ ਸਰੂਪ ਸ਼ਾਂਤ ਪਦ ਵਾ ਆਤਮਾ ਵਿਖੇ ਬਿਰਤੀ ਟਿਕ ਜਾਇਆ ਕਰਦੀ ਹੈ ਕ੍ਯੋਂਕਿ ਪੂਰਨ ਬ੍ਰਹਮ ਸਤਿਗੁਰ ਕੋ ਨਿਵਾਸ ਇਸ ਵਿਖੇ ਪੂਰਨ ਬ੍ਰਹਮ ਸਤਿਗੁਰੂ ਨੇ ਨਿਵਾਸ ਵਾਸਾ ਲਿਆ ਹੋਯਾ ਹੈ। ਇਸ ਵਾਸਤੇ ਸਾਚ ਖੰਡ ਹੈ ਇਹ ਸਚਖੰਡ ਅਸਥਾਨ ਹੈ।

ਦਰਸ ਧਿਆਨ ਸਰਗੁਨ ਅਕਾਲ ਮੂਰਤਿ ਪੂਜਾ ਫੁਲ ਫਲ ਚਰਨਾਮ੍ਰਤ ਬਿਸ੍ਵਾਸ ਹੈ ।

ਦਰਸ ਧਿਆਨ ਸਰਗੁਨ ਅਕਾਲ ਮੂਰਤਿ ਅਕਾਲ ਸਰੂਪ ਸਤ੍ਯ ਸਰੂਪੀ ਸਤਿਗੁਰਾਂ ਦਾ ਜੋ ਪਰਤੱਖ ਦਰਸ਼ਨ ਕਰਨਾ ਹੈ ਇਹ ਤਾਂ ਪਰਮਾਤਮਾ ਦਾ ਸਰਗੁਣ ਸਰੂਪ ਦਾ ਮਾਨੋਂ ਧਿਆ ਹੈ। ਅਰੁ ਫਲ ਫੁਲ ਆਦਿ ਭੇਟਾ ਦ੍ਵਾਰਾ ਪੂਜਾ ਕਰਣੀ ਤੇ ਚਰਣਾਮ੍ਰਿਤ ਪਾਨ ਕਰਨ ਕਰ ਕੇ ਗੁਰਮੁਖਾਂ ਨੂੰ ਬਿਸ੍ਵਾਸ ਹੈ ਉਨ੍ਹਾਂ ਦੇ ਸਾਖ੍ਯਾਤ ਸਰਗੁਣ ਅਕਾਲ ਸਰੂਪ ਹੋਣ ਵਿਖੇ ਦ੍ਰਿੜ ਪਰਤੀਤ ਨਿਸਚਾ ਬੱਝਿਆ ਕਰਦਾ ਹੈ। ਅਤੇ ਇਸੇ ਪ੍ਰਕਾਰ ਸਬਦ ਸੁਰਤਿ ਅਵਗਾਹਨ ਅਭਿਆਸ ਹੈ; ਸਤਿਗੁਰਾਂ ਦੀ ਰਸਨਾ ਦ੍ਵਾਰੇ ਉਪਦੇਸ਼ ਨੂੰ ਸੁਣ ਕਰ ਕੇ ਬਾਰੰਬਾਰ ਓਸ ਨੂੰ ਅਵਗਾਹਨ ਧਾਰਣ ਕਰਦੇ ਰਹਿਣ ਦਾ ਜਤਨ ਇਹ ਇਸ ਮਾਰਗ ਦਾ ਅਭਿਆਸ ਹੁੰਦਾ ਹੈ।

ਨਿਰੰਕਾਰ ਚਾਰ ਪਰਮਾਰਥ ਪਰਮਪਦ ਸਬਦ ਸੁਰਤਿ ਅਵਗਾਹਨ ਅਭਿਆਸ ਹੈ ।

ਇਉਂ ਉਪਰ ਕਥਨ ਕੀਤੇ ਜੋ ਸਤਿਸੰਗ ਪ੍ਰਵੇਸ, ਦਰਸ਼ਨ ਧਿਆਨ ਪ੍ਰਸ਼ਾਦ ਦੇ ਭੇਟ ਚਰਣ ਬੰਦਨ ਆਦਿ, ਤਥਾ ਸ਼ਬਦ ਅਭਿਆਸ ਰੂਪ ਚਾਰੇ ਸਾਧਨ ਹਨ, ਸੋ ਚਾਰ ਪਰਮਾਰਥ ਇਹ ਚਾਰੋਂ ਹੀ ਪਰਮਾਰਥ ਪਰਮ ਪ੍ਰਯੋਜਨ ਰੂਪ ਸਾਧਨ ਪਰਮ ਪਦ ਨਿਰੰਕਾਰ = ਨਿਰੰਕਾਰ ਸਰੂਪ ਪਰਮ ਪਦ ਮੋਖ ਦੀ ਪ੍ਰਾਪਤੀ ਦੇ ਹਨ।

ਸਰਬ ਨਿਧਾਨ ਦਾਨ ਦਾਇਕ ਭਗਤਿ ਭਾਇ ਕਾਮ ਨਿਹਕਾਮ ਧਾਮ ਪੂਰਨ ਪ੍ਰਗਾਸ ਹੈ ।੧੨੫।

ਜਿਸ ਕਰ ਕੇ ਇਨਾਂ ਸਾਧਨਾਂ ਦੀ ਸਿੱਧੀ ਦਾ ਅਸਥਾਨ ਹੋਣ ਕਰ ਕੇ ਇਸ ਸਤਿਸੰਗ ਨੂੰ ਸਰਬ ਨਿਧਾਨ ਦਾਨ ਦਾਇਕ ਭਗਤਿ ਭਾਇ ਸਰਬ ਨਿਧੀਆਂ ਤਥਾ ਭਗਤੀ ਭਜਨ ਪ੍ਯਾਰ ਪ੍ਰਮਾਤਮਾ ਦੇ ਸਾਧਨ ਅਰੁ ਭਾਇ ਪ੍ਰੇਮ ਭੌਣੀ ਸ਼ਰਧਾ ਦਾ ਦਾਇਕ ਦਾਤਾ ਮੰਨਿਆ ਹੈ ਅਤੇ ਕਾਮ ਨਿਹਕਾਮ ਧਾਮ ਕਾਮਨਾ ਵਲੋਂ ਨਿਸ਼ਕਾਮ ਵਾ ਸੰਕਲਪਾਂ ਵੱਲੋਂ ਨਿਰਸੰਕਲਪ ਅਫੁਰ ਹੋਣ ਦਾ ਧਾਮ ਪਦ ਮੁਕਤ ਪਦਵੀ ਭੀ ਪੂਰਨ ਪ੍ਰਗਾਸ ਹੈ ਅਵਸ਼੍ਯ ਹੀ ਸਤਿਸੰਗ ਵਿਖੇ ਪੂਰੀ ਪੂਰੀ ਤਰ੍ਹਾਂ ਪਰਗਟ ਹੋ ਆਯਾ ਕਰਦੀ ਹੈ ॥੧੨੫॥


Flag Counter