ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 119


ਨੈਹਰ ਕੁਟੰਬ ਤਜਿ ਬਿਆਹੇ ਸਸੁਰਾਰ ਜਾਇ ਗੁਨਨੁ ਕੈ ਕੁਲਾਬਧੂ ਬਿਰਦ ਕਹਾਵਈ ।

ਨੈਹਰ ਕੁਟੰਬ ਤਜਿ ਬਿਆਹੇ ਸਸੁਰਾਰ ਜਾਇ ਵਿਆਹਿਆਂ ਜਾਣ ਤੇ ਪੁਤ੍ਰੀ ਪਿਉਕੇ ਪਰਵਾਰ ਨੂੰ ਤਿਆਗ ਕੇ ਸੌਹਰੇ ਘਰ ਜਾਂਦੀ ਹੈ। ਤਾਂ ਗੁਨਨ ਕੈ ਗੁਣਾਂ ਦੇ ਕਾਰਣ ਕੁਲਾਬਧੂ ਬਿਰਦ ਕਹਾਵਈ ਕੁਲ ਬਹੂ ਸ੍ਰੇਸ਼ਟ ਕੁਲ ਦੀ ਵੌਹਟੀ ਵਾਲੇ ਬਿਰਦ ਸੁਜੱਸ ਕੀਰਤੀ ਅਥਵਾ ਪ੍ਰਸਿਧੀ ਦ੍ਵਾਰੇ ਕਹਿਣ ਵਿਚ ਔਂਦੀ ਹੈ।

ਪੁਰਨ ਪਤਿਬ੍ਰਤਿ ਅਉ ਗੁਰ ਜਨ ਸੇਵਾ ਭਾਇ ਗ੍ਰਿਹ ਮੈ ਗ੍ਰਿਹੇਸੁਰਿ ਸੁਜਸੁ ਪ੍ਰਗਟਾਵਈ ।

ਅਰੁ ਐਸਾ ਹੀ ਪੂਰਨ ਪਤਿਬ੍ਰਤ ਪਤੀ ਦੇ ਨਾਲ ਹੀ ਨਿਭਨ ਦਾ ਬਰਤ ਇਕਰਾਰ ਪ੍ਰਤਿਗ੍ਯਾ ਪੂਰਨ ਕਰਦੀ ਪਾਲਦੀ ਹੋਈ ਅਉ ਗੁਰ ਜਨ ਸੇਵਾ ਭਾਇ ਤਥਾ ਗੁਰੂ ਜਨਾਂ ਵਡਕਿਆਂ ਵਡ ਵਡੇਰਿਆਂ ਸੱਸ ਸੌਹਰੇ ਜੇਠ ਆਦਿਕਾਂ ਦੀ ਪ੍ਰੇਮ ਭਾਵ ਨਾਲ ਸੇਵਾ ਕਰਦੀ ਹੋਈ ਓਸ ਦਾ ਗ੍ਰਿਹ ਮੈ ਗ੍ਰਿਹੇਸੁਰਿ ਘਰ ਵਿਚ ਘਰ ਦੀ ਮਾਲਕ ਹੋਣ ਦਾ ਸੁਜਸੁ ਪ੍ਰਗਟਾਵਈ ਸ੍ਰੇਸ਼ਟ ਜੱਸ ਧੰਨ ਧੰਨ ਦੀ ਆਵਾਜ਼ ਹੀ ਸਭਨੀ ਪਾਸੀਂ ਪ੍ਰਗਟ ਹੋ ਆਇਆ ਕਰਦੀ ਹੈ।

ਅੰਤ ਕਾਲਿ ਜਾਇ ਪ੍ਰਿਅ ਸੰਗਿ ਸਹਿਗਾਮਨੀ ਹੁਇ ਲੋਕ ਪਰਲੋਕ ਬਿਖੈ ਊਚ ਪਦ ਪਾਵਈ ।

ਇਸ ਤਰ੍ਹਾਂ ਗ੍ਰਹਿ ਧਰਮ ਦਾ ਪਾਲਨ ਕਰਦੀ ਕਰਦੀ 'ਅੰਤਕਾਲਿ ਜਾਇ ਪ੍ਰਿਅ ਸੰਗਿ ਸਹਗਾਮਿਨੀ' ਹੁਇ ਓੜਕ ਨੂੰ ਅਪਣੇ ਪ੍ਯਾਰੇ ਪਤੀ ਦੇ ਨਾਲ ਹੀ ਓਸ ਦੀ ਸਾਥਨ ਹੀ ਬਣ ਜਾਇਆ ਕਰਦੀ ਹੈ। ਅਤੇ ਇਉਂ ਉਹ 'ਲੋਕ ਪਰਲੋਕ ਬਿਖੈ ਊਚ ਪਦ ਪਾਵਈ'

ਗੁਰਮੁਖ ਮਾਰਗ ਭੈ ਭਾਇ ਨਿਰਬਾਹੁ ਕਰੈ ਧੰਨ ਗੁਰਸਿਖ ਆਦਿ ਅੰਤ ਠਹਰਾਵਈ ।੧੧੯।

ਓਸ ਗੁਰੂ ਕੇ ਸਿੱਖ ਦਾ ਭੀ ਧੰਨ ਧੰਨ ਜੈ ਜੈ ਕਾਰ ਕੀਰਤੀ ਹੁੰਦੀ ਹੈ ਤੇ ਆਦਿ ਅੰਤ ਵਿਖੇ ਓਸ ਦਾ ਜੱਸ ਅਟੱਲ ਰਹਿੰਦਾ ਹੈ ਵਾ ਉਸ ਦਾ ਆਦਿ ਅੰਤ ਸਦੀਵ ਲਈ ਹੀ ਠਹਿਰਣਾ ਕੈਮ ਰਹਿਣਾ ਅਥਵਾ ਓਸ ਦਾ ਮੋਖਪਦ ਵਾਸੀ ਹੋਣਾ ਹੋਇਆ ਕਰਦਾ ਹੈ ॥੧੧੯॥