ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 62


ਸਬਦ ਸੁਰਤਿ ਅਵਗਾਹਨ ਬਿਮਲ ਮਤਿ ਸਬਦ ਸੁਰਤਿ ਗੁਰ ਗਿਆਨ ਕੋ ਪ੍ਰਗਾਸ ਹੈ ।

ਸਬਦ ਵਿਖੇ ਸੁਰਤ ਦੀ ਲਿਵ ਦੇ ਅਵਗਾਹਨ, ਅਭ੍ਯਾਸ ਕਰ ਕੇ ਬਿਮਲ ਮਤਿ ਨਿਰਮਲ ਬੁਧੀ ਕੂੜ ਸੱਚ ਨੂੰ ਠੀਕ ਸਮਝਣ ਵਾਲੀ ਮਤਿ ਪ੍ਰਾਪਤ ਹੋ ਔਂਦੀ ਹੈ। ਸਬਦ ਸੁਰਤ ਦੇ ਲਿਵ ਪਰਚੇ ਦ੍ਵਾਰੇ ਗੁਰਗਿਆਨ ਬ੍ਰਹਮ ਗ੍ਯਾਨ ਦਾ ਪ੍ਰਗਾਸ ਉਦੇ ਹੋਣਾ ਪ੍ਰਗਟ ਹੋਇਆ ਕਰਦਾ ਹੈ।

ਸਬਦ ਸੁਰਤਿ ਸਮ ਦ੍ਰਿਸਟਿ ਕੈ ਦਿਬਿ ਜੋਤਿ ਸਬਦ ਸੁਰਤਿ ਲਿਵ ਅਨਭੈ ਅਭਿਆਸ ਹੈ ।

ਸਬਦ ਵਿਖੇ ਸੁਰਤ ਦੇ ਪਰਚ ਪਿਆਂ ਹੀ ਸਮ ਦ੍ਰਿਸ਼ਟੀ ਬ੍ਰਹਮ ਸਰੂਪ ਤਕਨ ਵਾਲੀ ਨਿਗ੍ਹਾ ਕਰ ਕੇ ਦਿੱਬ ਜੋਤਿ ਦੈਵੀ ਪ੍ਰਕਾਸ਼ ਬ੍ਰਹਮ ਸਾਖ੍ਯਾਤਕਾਰ ਪ੍ਰਾਪਤ ਹੋ ਔਂਦਾ ਹੈ। ਅਰੁ ਸਬਦ ਸੁਰਤ ਦੀ ਲਿਵ ਦੇ ਅਭ੍ਯਾਸ ਕਰ ਕੇ ਹੀ ਬ੍ਰਹਮ ਸਾਖ੍ਯਾਤਕਾਰਤਾ ਦੇ ਅਨਭਉ ਦਾ ਅਭ੍ਯਾਸ ਬ੍ਰਹਮਾਨੰਦ ਦੀ ਤਾਰ ਦੇ ਮੁੜ ਮੁੜ ਤਰੰਗਇਮਾਨ ਹੋਣ ਦੀ ਪ੍ਰਤੀਤੀ ਹੋਇਆ ਕਰਦੀ ਹੈ।

ਸਬਦ ਸੁਰਤਿ ਪਰਮਾਰਥ ਪਰਮਪਦ ਸਬਦ ਸੁਰਤਿ ਸੁਖ ਸਹਜ ਨਿਵਾਸ ਹੈ ।

ਇਸੇ ਤਰ੍ਹਾਂ ਸਬਦ ਵਿਖੇ ਸੁਰਤ ਦੇ ਅਭ੍ਯਾਸ ਕਰ ਕੇ ਪਰਮਾਰਥ ਸਰੂਪ ਪਰਮ ਪ੍ਰਯੋਜਨ ਪਰਮ ਪਦ ਕੈਵੱਲ ਮੋਖ ਦੀ ਪ੍ਰਾਪਤੀ ਹੋਇਆ ਕਰਦੀ ਹੈ। ਅਤੇ ਸਬਦ ਵਿਖੇ ਸੁਰਤ ਦੀ ਲਿਵ ਲਗਿਆਂ ਸੁਖ ਸਹਜ ਸਹਜ ਸਰੂਪੀ ਸੁਖ ਬ੍ਰਹਮਾਨੰਦ ਪ੍ਰਾਇਣੀ ਇਸਥਿਤੀ ਵਿਖੇ ਨਿਵਾਸ ਪ੍ਰਾਪਤ ਹੁੰਦਾ ਹੈ।

ਸਬਦ ਸੁਰਤਿ ਲਿਵ ਪ੍ਰੇਮ ਰਸ ਰਸਿਕ ਹੁਇ ਸਬਦ ਸੁਰਤਿ ਲਿਵ ਬਿਸਮ ਬਿਸ੍ਵਾਸ ਹੈ ।੬੨।

ਗੱਲ ਕੀਹ ਕਿ ਸਬਦ ਸੁਰਤ ਵਿਖੇ ਲਿਵ ਦੇ ਲਗਨ ਕਰ ਕੇ ਪ੍ਰੇਮ ਰਸ ਦਾ ਰਸੀਆ ਬਣ ਕੇ ਸਬਦ ਸੁਰਤ ਦੀ ਲਿਵ ਦੇ ਕਾਰਣ ਬ੍ਰਹਮ ਬਿਸ੍ਵਾਸ ਸਰਬ ਠੌਰ ਬ੍ਰਹਮ ਦੇ ਰਮੇ ਹੋਣ ਦਾ ਦ੍ਰਿੜ ਨਿਸਚਾ ਬੱਝ ਜਾਂਦਾ ਹੈ ॥੬੨॥


Flag Counter