ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 137


ਗੁਰਮੁਖਿ ਸਾਧਸੰਗੁ ਸਬਦ ਸੁਰਤਿ ਲਿਵ ਪੂਰਨ ਬ੍ਰਹਮ ਸਰਬਾਤਮ ਕੈ ਜਾਨੀਐ ।

ਗੁਰਮੁਖਿ ਸਾਧਸੰਗ ਸਬਦ ਸੁਰਤਿ ਲਿਵ ਗੁਰਮੁਖ ਗੁਰੂ ਕੀ ਸਾਧ ਸੰਗਤਿ ਵਿਖੇ ਗੁਰਮੁਖਤਾ ਧਾਰਣ ਕਰ ਲਈ ਹੈ ਜਿਨਾਂ ਮਨੁੱਖਾਂ ਨੇ, ਉਹ ਸ਼ਬਦ ਗੁਰੂ ਮਹਾਰਾਜ ਦੇ ਉਪਦੇਸ਼ੇ ਸਤਿਨਾਮੁ ਮੰਤ੍ਰ ਵਿਖੇ ਸੁਰਤਿ ਦੇਹ ਇੰਦ੍ਰੀਆਂ ਆਦਿ ਦੀ ਅਪਣੇ ਅਪਣੇ ਕਰਤੱਬ ਸਾਧਨ ਦੀ ਪ੍ਰਵਿਰਤੀ ਨੂੰ ਨਿਗ੍ਹਾ ਵਿਚ ਰਖਣਹਾਰੀ ਅੰਤਰੀਵੀ ਸਤ੍ਯਾ ਦੀ ਲਿਵ ਲੇਸ ਲਾਲਸਾ ਤਾਰ ਲਗਾਈ ਰਖਦੇ ਹੈਨ। ਪੂਰਨ ਬ੍ਰਹਮੁ ਸਰਬਾਤਮ ਕੈ ਜਾਨੀਐ ਜਿਸ ਲਿਵ ਦੇ ਪ੍ਰਭਾਵ ਕਰ ਕੇ ਉਹ ਪੂਰਨ ਬ੍ਰਹਮ ਪਰਮਾਤਮਾ ਨੂੰ ਸਰਬਾਤਮ ਸਭ ਦਾ ਅਪਣਾ ਆਪ ਰੂਪ ਕਰ ਕੇ ਜਾਣਿਆ ਕਰਦੇ ਹੈਨ।

ਸਹਜ ਸੁਭਾਇ ਰਿਦੈ ਭਾਵਨੀ ਭਗਤਿ ਭਾਇ ਬਿਹਸਿ ਮਿਲਨ ਸਮਦਰਸ ਧਿਆਨੀਐ ।

ਸਹਜ ਸੁਭਾਇ ਰਿਦੈ ਭਾਵਨੀ ਭਗਤਿ ਭਾਇ ਅਰੁ ਸਹਜੇ ਸੁਤੇ ਹੀ ਇਸ ਉਕਤ ਸੁਭਾਇ ਸੁ+ਭਾਇ = ਸ੍ਵੈ+ਭਾਵੀ ਆਤਮ ਭਾਵੀ ਭਾਵਨਾ ਭਾਵਨਾ ਚਿੰਤਨ ਕਰ ਕੇ ਓਨਾਂ ਦੇ ਰਿਦੇ ਅੰਦਰ ਭਗਤੀ ਭਾਵ ਪ੍ਰੀਤੀ ਵਾਲਾ ਸੁਭਾਵ ਬਣਿਆ ਰਹਿੰਦਾ ਹੈ ਅਤੇ ਇਸੇ ਕਰ ਕੇ ਹੀ ਬਿਹਸਿ ਮਿਲਨ ਸਮ ਦਰਸ ਧਿਆਨੀਐ ਸਮ ਇਕ ਰਸ ਪ੍ਰੀਪੂਰਣ ਬ੍ਰਹਮ ਨੂੰ ਦਰਸ ਧਿਆਨੀਐ ਤਕਦੇ ਤਕਦੇ ਧਿਔਂਦੇ ਧਿਔਂਦੇ ਵਾ ਆਪਣੇ ਸਮ ਹੀ ਤੱਕਦੇ ਹੋਏ ਸਭ ਕਿਸੇ ਨੂੰ ਬਿਹਸਿ ਮਿਲਨ ਹੱਸ ਹੱਸਕੇ ਖਿੜੇ ਮਥੇ ਪ੍ਰਸੰਨ ਮਨ ਮਿਲਿਆ ਕਰਦੇ ਹੈਨ।

ਨਿਮ੍ਰਤਾ ਨਿਵਾਸ ਦਾਸ ਦਾਸਨ ਦਾਸਾਨ ਮਤਿ ਮਧੁਰ ਬਚਨ ਮੁਖ ਬੇਨਤੀ ਬਖਾਨੀਐ ।

ਨਿੰਮ੍ਰਤਾ ਨਿਵਾ ਦਾਸ ਦਾਸਨ ਦਾਸਾਨ ਮਤਿ ਗੱਲ ਸੁਨਣ ਮਾਤ੍ਰ ਤੇ ਹੀ ਸਾਰ ਗ੍ਰਹਣ ਕਰ ਲੈਣ ਵਾਲੀ ਜੋ ਬੁਧੀ ਵਿਸ਼ੇਖ ਰੂਪ ਮਤਿ ਹੈ ਉਸ ਵਿਖੇ ਓਨਾਂ ਦੇ ਅੰਦਰ ਨਿੰਮ੍ਰਤਾ ਗ੍ਰੀਬੀ ਭਾਵ ਦਾ ਨਿਵਾਸ ਵਾਸਾ ਰਹਿੰਦਾ ਹੈ। ਜਿਸ ਕਰ ਕੇ ਉਹ ਦਾਸ ਦਾਸਨ ਦਾਸਾਂ ਦੇ ਦਾਸ ਤੇ ਇਨਾਂ ਦਾਸਾਂ ਦੇ ਭੀ ਜੋ ਫੇਰ ਦਾਸਾਨ ਅਨੁਸਾਰ ਚਲਨ ਵਾਲੇ ਦਾਸ ਟਹਿਲੀਏ ਹੁੰਦੇ ਹਨ, ਐਸੇ ਬਣੇ ਰਹਿੰਦੇ ਹਨ ਏਹੋ ਹੀ ਕਾਰਣ ਹੈ ਜਿਸ ਤੇ ਉਹ ਸਦਾ ਮਧੁਰ ਬਚਨ ਮੁਖਿ ਬੇਨਤੀ ਬਖਾਨੀਐ। ਬੇਨਤੀ ਕੋਮਲਤਾ ਭਰੇ ਮਿਠੇ ਮਿਠੇ ਬਚਨ ਮੂੰਹੋਂ ਉਚਾਰ੍ਯਾ ਕਰਦੇ ਹਨ।

ਪੂਜਾ ਪ੍ਰਾਨ ਗਿਆਨ ਗੁਰ ਆਗਿਆਕਾਰੀ ਅਗ੍ਰਭਾਗ ਆਤਮ ਅਵੇਸ ਪਰਮਾਤਮ ਨਿਧਾਨੀਐ ।੧੩੭।

ਪੂਜਾ ਪ੍ਰਾਨ ਗਿਆਨ ਗੁਰ ਪ੍ਰਾਣਾਂ ਸ੍ਵਾਸਾਂ ਦੀ ਆਉ ਜਾਈ ਵਿਖੇ ਲਗਾਤਾਰ ਸਦੀਵ ਕਾਲ ਪੂਜਾ ਅਰਾਧਨ ਕਰਦੇ ਰਹਿੰਦੇ ਹਨ, ਓਸ ਗਿਆਨ ਨੂੰ ਜ ਸਤਿਗੁਰਾਂ ਨੇ ਉਪਦੇਸ਼ ਦ੍ਵਾਰੇ ਸਮਝਾਇਆ ਹੈ ਅਥਵਾ ਸ੍ਵਾਸਾਂ ਨਾਲ ਗੁਰ ਸ਼ਬਦ ਦੇ ਅਭ੍ਯਾਸ ਦਾ ਜੀਕੂੰ ਗ੍ਯਾਨ ਕਰਾਯਾ ਗਿਆ ਹੈ। ਤੀਕੂੰ ਹੀ ਗੁਰ ਆਗਿਆਕਾਰੀ ਅਗ੍ਰ ਭਾਗ ਗੁਰੂ ਦੀ ਆਗਿਆ ਪਾਲਣ ਕਰਣ ਹਾਰੇ ਬਣ ਕੇ ਓਸ ਨੂੰ ਅਪਨੇ ਅਗ੍ਰ ਭਾਗ ਸਨਮੁਖ ਰਖਦੇ ਹਨ, ਭਾਵ ਅਪਣਾ ਧਰਮ ਸਮਝ ਕੇ ਓਸ ਨੂੰ ਅਭ੍ਯਾਸਦੇ ਰਹਿੰਦੇ ਹਨ ਇਕ ਸ੍ਵਾਸ ਭੀ ਅਕਾਰਥਾ ਨਹੀਂ ਜਾਣ ਦਿੰਦੇ। ਅਰੁ ਇਸੇ ਤਰ੍ਹਾਂ ਹੀ ਸ਼ਬਦ ਨੂੰ ਕਮੌਂਦੇ ਕਮੌਂਦੇ ਆਤਮ ਅਵੇਸ ਪਰਮਾਤ ਨਿਧਾਨੀਐ ਆਤਮੇ ਆਪੇ ਨੂੰ ਪਰਮਾਤਮਾ ਵਿਖੇ ਆਵੇਸ਼ ਭਲੀ ਭਾਂਤ ਲਿਵ ਲੀਨ ਕਰ ਕੇ ਨਿਧ + ਆਨੀਐ ਅਨੁਭਵ ਰੂਪ ਨਿਧੀ ਭੰਡਾਰ ਅਨੁਭਵ ਦੇ ਸੋਮੇ ਨੂੰ ਪ੍ਰਾਪਤ ਕਰ ਲੈਂਦੇ ਹਨ ॥੧੩੭॥


Flag Counter