ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 566


ਸ੍ਵਾਮਿ ਕਾਜ ਲਾਗ ਸੇਵਾ ਕਰਤ ਸੇਵਕ ਜੈਸੇ ਨਰਪਤਿ ਨਿਰਖ ਸਨੇਹ ਉਪਜਾਵਹੀ ।

ਜਿਵੇਂ ਰਾਜਾ ਦਾ ਸੇਵਕ ਜਦ ਮਾਲਕ ਦੇ ਕੰਮ ਵਿਚ ਚਿਤੋਂ ਲੱਗ ਕੇ ਸੇਵਾ ਕਰਦਾ ਹੈ ਤਾਂ ਮਾਲਕ ਨੂੰ ਦੇਖ ਕੇ ਪਿਆਰ ਉਪਜ ਆਉਂਦਾ ਹੈ।

ਜੈਸੇ ਪੂਤ ਚੋਚਲਾ ਕਰਤ ਬਿਦ੍ਯਮਾਨ ਦੇਖਿ ਦੇਖਿ ਸੁਨਿ ਸੁਨਿ ਆਨੰਦ ਬਢਾਵਹੀ ।

ਜਿਵੇਂ ਪਿਤਾ ਦੇ ਸਾਮ੍ਹਣੇ ਪੁੱਤਰ ਚੋਚਲੇ ਕਰਦਾ ਹੈ ਤਾਂ ਪਿਤਾ ਨੂੰ ਉਸਦੇ ਲਾਡ ਦੇਖ ਦੇਖ ਕੇ ਤੇ ਤੋਤਲੀਆਂ ਗੱਲਾਂ ਸੁਣ ਸੁਣ ਕੇ ਵਧੇਰੇ ਆਨੰਦ ਆਉਂਦਾ ਹੈ।

ਜੈਸੇ ਪਾਕਸਾਲਾ ਮਧਿ ਬਿੰਜਨ ਪਰੋਸੈ ਨਾਰਿ ਪਤਿ ਖਾਤ ਪ੍ਯਾਰ ਕੈ ਪਰਮ ਸੁਖ ਪਾਵਹੀ ।

ਜਿਵੇਂ ਰਸੋਈ ਵਿਚ ਬੈਠੀ ਇਸਤ੍ਰੀ ਭੋਜਨ ਪ੍ਰੋਸਦੀ ਹੈ ਤਾਂ ਪਤੀ ਪਿਆਰ ਨਾਲ ਖਾਂਦਾ ਹੈ ਤਾਂ ਉਸ ਨੂੰ ਖਾਂਦਿਆਂ ਦੇਖ ਦੇਖ ਕੇ ਇਸਤ੍ਰੀ ਪਰਮ ਸੁਖ ਪਾਉਂਦੀ ਹੈ।

ਤੈਸੇ ਗੁਰ ਸਬਦ ਸੁਨਤ ਸ੍ਰੋਤਾ ਸਾਵਧਾਨ ਗਾਵੈ ਰੀਝ ਗਾਯਨ ਸਹਜ ਲਿਵ ਲਾਵਹੀ ।੫੬੬।

ਤਿਵੇਂ ਸ੍ਰੋਤਿਆਂ ਨੂੰ ਗੁਰੂ ਦਾ ਸ਼ਬਦ ਸੁਣਨ ਲਈ ਸਾਵਧਾਨ ਦੇਖ ਕੇ ਰਾਗੀ ਰੀਝ ਕੇ ਗਾਉਂਦਾ ਹੈ, ਤਾਂ ਉਨ੍ਹਾਂ ਦੀ ਸਹਿਜੇ ਹੀ ਲਿਵ ਲੱਗ ਜਾਂਦੀ ਹੈ ॥੫੬੬॥ ਜਦ ਸੰਗਤ ਵਿਚ ਗੁਰ ਸ਼ਬਦ ਦੇ ਸੁਣਨ ਦੀ ਇਕਾਗਰਤਾ ਤੇ ਪ੍ਰੇਮ ਨੂੰ ਵੇਖ ਕੇ ਕੀਰਤਨੀਏ ਨੂੰ ਰੀਝ ਆਉਂਦੀ ਹੈ, ਤਾਂ ਉਹ ਮਨ ਜੋੜ ਕੇ ਗਾਉਂਦਾ ਹੈ, ਅਤੇ ਸੰਗਤ ਦੀ ਆਨੰਦ ਮਗਨ ਹੋ ਲਿਵ ਲਗ ਜਾਂਦੀ ਹੈ।


Flag Counter