ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 630


ਜੈਸੇ ਬਾਨ ਧਨੁਖ ਸਹਿਤ ਹ੍ਵੈ ਨਿਜ ਬਸ ਛੂਟਤਿ ਨ ਆਵੈ ਫੁਨ ਜਤਨ ਸੈ ਹਾਥ ਜੀ ।

ਜਿਵੇਂ ਤੀਰ ਜਦ ਧਨੁਖ ਦੇ ਸਹਿਤ ਹੈ ਭਾਵ ਨਾਲ ਹੈ ਤਦ ਆਪਣੇ ਵੱਸ ਵਿਚ ਹੈ ਪਰ ਜੇ ਕਮਾਨ ਵਿਚੋਂ ਛੁਟ ਜਾਵੇ ਤਾਂ ਜਤਨ ਨਾਲ ਵੀ ਮੁੜ ਕੇ ਹੱਥ ਨਹੀਂ ਆ ਸਕਦਾ।

ਜੈਸੇ ਬਾਘ ਬੰਧਸਾਲਾ ਬਿਖੈ ਬਾਧ੍ਯੋ ਰਹੈ ਪੁਨ ਖੁਲੈ ਤੋ ਨ ਆਵੈ ਬਸ ਬਸਹਿ ਨ ਸਾਥ ਜੀ ।

ਜਿਵੇਂ ਸ਼ੇਰ ਕੈਦ ਵਿਚ ਬੰਦ ਕੀਤਾ ਹੋਇਆ ਤਾਂ ਕਾਬੂ ਰਹਿੰਦਾ ਹੈ ਪਰ ਜੇ ਖੁੱਲ੍ਹ ਜਾਵੇ ਤਾਂ ਵੱਸ ਵਿਚ ਨਹੀਂ ਆਉਂਦਾ, ਇਉਂ ਬੇਵਸਾ ਹੋ ਗਿਆ ਫੇਰ ਆਪਣੇ ਪਾਸ ਨਹੀਂ ਵਸਦਾ।

ਜੈਸੇ ਦੀਪ ਦਿਪਤ ਨ ਜਾਨੀਐ ਭਵਨ ਬਿਖੈ ਦਾਵਾਨਲ ਭਏ ਨ ਦੁਰਾਏ ਦੁਰੈ ਨਾਥ ਜੀ ।

ਜਿਵੇਂ ਦੀਵਾ ਜਗਦਾ ਘਰ ਵਿਚ ਰਖਿਆ ਹੋਇਆ ਬਾਹਰਲਿਆਂ ਨੂੰ ਪ੍ਰਤੀਤ ਹੀ ਨਹੀਂ ਦਿੰਦਾ, ਪਰ ਜੇ ਉਹੋ ਦੀਵੇ ਦੀ ਅੱਗ ਬਨ ਨੂੰ ਲੱਗ ਕੇ ਦਾਵਾਨਲ ਬਣ ਜਾਏ ਤਾਂ ਹੇ ਸੁਆਮੀ ਜੀ! ਉਹ ਛੁਪਾਈ ਨਹੀਂ ਛੁਪੇਗੀ।

ਤੈਸੇ ਮੁਖ ਮਧ ਬਾਣੀ ਬਸਤ ਨ ਕੋਊ ਲਖੈ ਬੋਲੀਐ ਬਿਚਾਰ ਗੁਰਮਤਿ ਗੁਨ ਗਾਥ ਜੀ ।੬੩੦।

ਤਿਵੇਂ ਮੂੰਹ ਵਿਚ ਵੱਸਦੀ ਬਾਣੀ ਨੂੰ ਕੋਈ ਨਹੀਂ ਜਾਣਦਾ, ਪਰ ਜੇ ਬੋਲੀਏ ਤਾਂ ਫਿਰ ਉਹ ਮੋੜ ਕੇ ਵਾਪਸ ਲਿਆਂਦੀ ਨਹੀਂ ਜਾ ਸਕੇਗੀ, ਇਸ ਲਈ ਜਦ ਬੋਲੀਏ ਵੀਚਾਰ ਨਾਲ ਬੋਲੀਏ, ਗੁਰਮਤ ਦੀ ਗੱਲ ਬੋਲੀਏ ਤੇ ਦੂਸਰੇ ਦੇ ਗੁਣਾਂ ਦੀ ਗੱਲ ਹੀ ਕਰੀਏ ॥੬੩੦॥


Flag Counter