ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 405


ਜੈਸੇ ਬਨ ਰਾਇ ਪਰਫੁਲਤ ਫਲ ਨਮਿਤਿ ਲਾਗਤ ਹੀ ਫਲ ਪਤ੍ਰ ਪੁਹਪ ਬਿਲਾਤ ਹੈ ।

ਜਿਸ ਤਰ੍ਹਾਂ ਬਨਾਸਪਤੀ ਫਲ ਦੀ ਖਾਤਰ ਪ੍ਰਫੁਲਿਤ ਫੁਲਾਯਮਾਨ ਹੋਯਾ ਕਰਦੀ ਹੈ; ਸੋ ਜਦ ਫਲ ਲਗ ਪੈਂਦੇ ਹਨ; ਤਾਂ ਫੁੱਲ ਪ੍ਰਤੀ ਸੁਤੇ ਹੀ ਝੜ ਜਾਯਾ ਕਰਦੀ ਹੈ।

ਜੈਸੇ ਤ੍ਰੀਆ ਰਚਤ ਸਿੰਗਾਰ ਭਰਤਾਰ ਹੇਤਿ ਭੇਟਤ ਭਰਤਾਰ ਉਰ ਹਾਰ ਨ ਸਮਾਤ ਹੈ ।

ਜਿਸ ਤਰ੍ਹਾਂ ਤੀਵੀਂ ਪਤੀ ਦੇ ਰਿਝੌਨ ਖਾਤਰ ਬਸਤ੍ਰ ਭੂਖਣ ਆਦਿ ਸ਼ਿੰਗਾਰ ਨੂੰ ਸਰੀਰ ਉੱਤੇ ਸਜਾਯਾ ਕਰਦੀ ਹੈ; ਪਰ ਜ੍ਯੋਂ ਹੀ ਕਿ ਪਤੀ ਮਿਲ ਪਵੇ ਤਾਂ ਗਲੇ ਪਿਆ ਹਾਰ ਭੀ ਵਿੱਥ ਦਾ ਕਾਰਣ ਪ੍ਰਤੀਤ ਹੋਣ ਕਰ ਕੇ ਚੰਗਾ ਨਹੀਂ ਲਗਿਆ ਕਰਦਾ ਭਾਵ ਉਤਾਰ ਧਰ੍ਯਾ ਕਰਦੀ ਹੈ।

ਬਾਲਕ ਅਚੇਤ ਜੈਸੇ ਕਰਤ ਲੀਲਾ ਅਨੇਕ ਸੁਚਿਤ ਚਿੰਤਨ ਭਏ ਸਭੈ ਬਿਸਰਾਤ ਹੈ ।

ਜਿਸ ਤਰ੍ਹਾਂ ਬਾਲਕ ਅਚੇਤ ਅਞਾਣਾ ਹੋਣ ਕਰ ਕੇ ਅਨੇਕ ਭਾਂਤ ਦੀਆਂ ਖੇਲਾਂ ਕਰ੍ਯਾ ਖੇਡ੍ਯਾ ਕਰਦਾ ਹੈ ਪਰ ਜਦ ਸੁਚੇਤ ਤੇ ਸ੍ਯਾਣਾ ਬਣ ਜਾਂਦਾ ਹੈ ਤਾਂ ਆਪ ਮੁਹਾਰਾ ਹੀ ਸਭਨਾਂ ਨੂੰ ਭੁਲਾ ਦਿਆ ਕਰਦਾ ਹੈ।

ਤੈਸੇ ਖਟ ਕਰਮ ਧਰਮ ਸ੍ਰਮ ਗਿਆਨ ਕਾਜ ਗਿਆਨ ਭਾਨ ਉਦੈ ਉਡ ਕਰਮ ਉਡਾਤ ਹੈ ।੪੦੫।

ਤਿਸੀ ਪ੍ਰਕਾਰ ਹੀ ਗ੍ਯਾਨ ਕਾਜ ਗ੍ਯਾਨ ਪ੍ਰਾਪਤੀ ਦੇ ਵਾਸਤੇ ਖਟ ਕਰਮ ਜੱਗ; ਦਾਨ; ਤਪ ਤੀਰਥ; ਬ੍ਰਤ; ਪੂਜਾ; ਬੰਦਨ; ਰੂਪ ਆਚਰਣ ਮਈ ਛੀਆਂ ਕਰਮਾਂ ਨੂੰ ਸਾਧਾਰਣ ਧਰਮ ਰੂਪ ਸਾਧਨ ਦਾ ਸ੍ਰਮ ਤਰੱਦਦ = ਪ੍ਰਜਤਨ ਕਰੀਦਾ ਹੈ; ਪੰਤੂ ਗ੍ਯਾਨ ਰੂਪ ਸੂਰਜ ਦੇ ਉਦੇ ਹੋਯਾਂ ਪ੍ਰਕਾਸ਼ ਪਾ ਆਇਆ ਉਡ ਕਰਮ ਉਕਤ ਕਰਮ ਰੂਪ ਤਾਰੇ ਸੁਤੇ ਹੀ ਹੀ ਉਡ ਜਾਯਾ ਕਰਦੇ ਹਨ: ਭਾਵ ਬਲੋੜੇ ਹੋਣ ਕਾਰਣ ਤ੍ਯਾਗੇ ਜਾਂਦੇ ਹਨ ॥੪੦੫॥