ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 430


ਰੋਮ ਰੋਮ ਕੋਟਿ ਮੁਖ ਮੁਖ ਰਸਨਾ ਅਨੰਤ ਅਨਿਤ ਮਨੰਤਰ ਲਉ ਕਹਤ ਨ ਆਵਈ ।

ਸਰੀਰ ਉਪਰਲਾ ਵਾਲ ਵਾਲ ਕ੍ਰੋੜਾਂ ਮੂੰਹ ਬਣ ਪਵੇ ਤੇ ਐਸਿਆਂ ਮੂੰਹਾਂ ਵਿਚ ਇਉਂ ਅਨੰਤ ਅਸੰਖਾਂ ਬਾਰੰਬਾਰ ਓਸ ਦੇ ਮਹੱਤ ਨੂੰ ਤੋਲੀਏ; ਤਾਂ ਭੀ ਜੋ ਤੋਲ ਵਿਚ ਨਹੀਂ ਆ ਸਕਦਾ; ਭਾਵ ਪਦਾਰਥ ਵਿਦ੍ਯਾ ਸੰਬਧੀ ਪਰਖਊਏ ਯੰਤ੍ਰਾਂ ਦ੍ਵਾਰੇ ਜੇਕਰ ਕਿਸੇ ਪ੍ਰਕਾਰ ਕ੍ਰੋੜਾਂ ਹੀ ਬ੍ਰਹਮੰਡਾਂ ਦੇ ਤੱਤ ਨੂੰ ਕੋਈ ਜਾਣ ਕੇ ਇਸ ਤੋਂ ਓਸ ਦਾ ਮਰਮ ਸਮਝਨਾ ਚਾਹੇ ਤਾਂ ਕਦਾਚਿਤ ਨਹੀਂ ਸਮਝ ਸਕਦਾ।

ਕੋਟਿ ਬ੍ਰਹਮੰਡ ਭਾਰ ਡਾਰ ਤੁਲਾਧਾਰ ਬਿਖੈ ਤੋਲੀਐ ਜਉ ਬਾਰਿ ਬਾਰਿ ਤੋਲ ਨ ਸਮਾਵਈ ।

ਐਸਾ ਹੀ ਕਿਸੇ ਪ੍ਰਕਾਰ ਕ੍ਰੋੜਾਂ ਬ੍ਰਹਮੰਡਾਂ ਦੇ ਭਰ ਪੰਡਾਂ ਬੰਨ ਬੰਨ੍ਹ ਕੇ ਤਕੜੀ ਵਿਚ ਪਾ ਜੇਕਰ ਬਾਰੰਬਾਰ ਓਸ ਦੇ ਮਹੱਤ ਨੂੰ ਤੋਲੀਏ, ਤਾਂ ਭੀ ਜੋ ਤੋਲ ਵਿਚ ਨਹੀਂ ਆ ਸਕਦਾ। ਭਾਵ ਪਦਾਰਥ ਵਿਦ੍ਯਾ ਸਬੰਧੀ ਪਰਖਊਏ ਯੰਤ੍ਰਾਂ ਆਦਿ ਦ੍ਵਾਰੇ ਜੇਕਰ ਕਿਸੇ ਪ੍ਰਕਾਰ ਕ੍ਰੋੜਾਂ ਹੀ ਬ੍ਰਹਮੰਡਾਂ ਦੇ ਤੱਤ ਨੂੰ ਕੋਈ ਜਾਣ ਕੇ ਇਸ ਤੋਂ ਓਸ ਦਾ ਮਰਮ ਸਮਝਨਾ ਚਾਹੇ ਤਾਂ ਕਦਾਚਿਤ ਨਹੀਂ ਸਮਝ ਸਕਦਾ।

ਚਤੁਰ ਪਦਾਰਥ ਅਉ ਸਾਗਰ ਸਮੂਹ ਸੁਖ ਬਿਬਿਧਿ ਬੈਕੁੰਠ ਮੋਲ ਮਹਿਮਾ ਨ ਪਾਵਈ ।

ਚਾਰੋਂ ਪਦਾਰਥ ਧਰਮ ਅਰਥ ਆਦਿ ਤੇ ਅਮੋਲਕ ਰਤਨਾਂ ਦੀ ਖਾਣ, ਸਮੁੰਦ੍ਰ ਤਥਾ ਸਮੂਹ ਸੁਖ ਤ੍ਰਿਲੋਕੀ ਦੇ ਅਰੁ ਚੌਦਾਂ ਹੀ ਭੁਵਨਾਂ ਦੇ ਆਨੰਦ ਅਤੇ ਅਨੇਕਾਂ ਬੈਕੁੰਠ ਇਨਾਂ ਸਭਨੂੰ ਹੀ ਬਿਬਿਧਿ ਅਨੰਤ ਰੂਪ ਕਰ ਕੇ ਮੁੱਲ ਪਾਇਆ ਭੀ ਜਿਸ ਦੀ ਮਹਿਮਾ ਕੀਮਤ ਨਹੀਂ ਪਾਈ ਜਾ ਸਕਦੀ।

ਸਮਝ ਨ ਪਰੈ ਕਰੈ ਗਉਨ ਕਉਨ ਭਉਨ ਮਨ ਪੂਰਨ ਬ੍ਰਹਮ ਗੁਰ ਸਬਦ ਸੁਨਾਵਈ ।੪੩੦।

ਪਰੰਤੂ ਪੂਰਨ ਬ੍ਰਹਮ ਸਰੂਪ ਸਤਿਗੁਰੂ ਜ੍ਯੋਂ ਹੀ ਕਿ ਸ਼ਬਦ ਸੁਨਾਂਦੇ ਉਪਦੇਸ਼ ਦਿੰਦੇ ਹਨ; ਸਮ ਨਹੀਂ ਪੈਂਦੀ ਪਤਾ ਨਹੀਂ ਲਗਦਾ ਕਿ ਉਹੋ ਮਨ ਕਿਸ ਭਉਨ ਟਿਕਾਣੇ ਵਿਖੇ ਪੁਜ ਜਾਂਦਾ ਹੈ। ਅਰਥਾਤ ਸਮਝ ਬੂਝ ਦੀ ਗੰਮੋਂ ਪਾਰ ਭੀ ਹੁੰਦਾ ਹੋਯਾ ਇਹ ਅਗੰਮ ਅਕਹਿ ਪਦ ਵਿਖੇ ਝਟ ਹੀ ਪ੍ਰਵੇਸ਼ ਪਾ ਜਾਇਆ ਕਰਦਾ ਹੈ; ਭਾਵ ਹੋਰ ਕਿਸੇ ਪ੍ਰਕਾਰ ਭੀ ਠੌਰ ਨਾ ਔਣ ਵਾਲਾ ਮਨ ਕੇਵਲ ਗੁਰ ਉਪਦੇਸ਼ ਧਾਰਣ ਮਾਤ੍ਰ ਤੇ ਹੀ ਲਿਵਲੀਨ ਹੋ ਸਕ੍ਯਾ ਕਰਦਾ ਹੈ ॥੪੩੦॥


Flag Counter