ਜਿਸ ਤਰ੍ਹਾਂ ਇਕ ਬਿਰਛ ਤਾਂ ਸਮਾਂ ਪਾ ਕੇ ਖਾਸ ਖਾਸ ਰੁੱਤ ਸਿਰ ਫਲਿਆ ਕਰਦੇ ਹਨ ਅਤੇ ਇਕ ਸਦੀਵਕਾਲ ਬਾਰਾਂ ਮਾਸੀਏ ਹੀ ਫਲਿਆ ਕਰਦੇ ਹਨ; ਤੇ ਓਨਾਂ ਦੇ ਫਲ ਭੀ ਸਦਾ ਮਿੱਠੇ ਸ੍ਵਾਦ ਵਾਲੇ ਹੁੰਦੇ ਹਨ।
ਜਿਸ ਪ੍ਰਕਾਰ ਖੂਹ ਦਾ ਜਲ ਜਤਨ ਕੀਤਿਆਂ ਹੀ ਨਿਕਲਿਆ ਕਰਦਾ ਹੈ; ਪਰ ਗੰਗਾ ਜਲ ਦਾ ਮੁਕਤਿ ਖੁੱਲਾ ਪ੍ਰਵਾਹ ਚਲ ਕੇ ਨਿਰਜਤਨ ਹੀ ਪ੍ਰਸੰਨਤਾ ਪ੍ਰਾਪਤ ਕਰਿਆ ਮਨੋਰਥ ਪੂਰ੍ਯਾ ਕਰਦਾ ਹੈ।
ਮਿਟੀ ਦੀਵੇ ਦੀ ਠੂਠੀ; ਅੱਗ; ਰੂਈਂ ਅਤੇ ਤੇਲ ਦੇ ਮਿਲ੍ਯਾਂ ਦੀਵਾ ਬਲਿਆ ਕਰਦਾ ਹੈ; ਪਰ ਸਸੀਅਰ ਚੰਦ ਦੀ ਜੋਤ ਨਿਰਜਤਨ ਹੀ ਜਗਮਗ ਜਗਮਗ ਪ੍ਰਕਾਸ਼ ਕਰਦੀ ਬਿਸਮਾਦ ਆਨੰਦ ਦਿਆਂ ਕਰਦੀ ਹੈ।
ਤਿਸੀ ਪ੍ਰਕਾਰ ਹੋਰ ਦੇਵਤੇ ਤਾਂ ਸੇਵਾ ਅਰਾਧਨ ਕੀਤ੍ਯਾਂ ਹੀ ਜੇਤ ਜਿਤਨੇ ਭੀ ਫਲ ਹਨ ਮੰਗ੍ਯਾਂ ਦਿੰਦੇ ਹਨ; ਪਰ ਸਤਿਗੁਰਾਂ ਦੇ ਦਰਸ਼ਨ ਮਾਤ੍ਰ ਤੋਂ ਹੀ ਹੋਰ ਫਲ ਤਾਂ ਮਿਲਦੇ ਹੀ ਹਨ ਜਮ ਆਦਿਕਾਂ ਦੀ ਤਾੜਨਾਂ ਤਕ ਭੀ ਦੂਰ ਹੋ ਜਾਯਾ ਕਰਦੀ ਹੈ। ਭਾਵ ਸਤਿਗੁਰੂ 'ਨਦਰੀ ਨਦਰਿ ਨਿਹਾਲ' ਕਰ ਦਿੰਦੇ ਹਨ ॥੪੫੬॥