ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 620


ਲੋਚਨ ਬਿਲੋਕ ਰੂਪ ਰੰਗ ਅੰਗ ਅੰਗ ਛਬਿ ਸਹਜ ਬਿਨੋਦ ਮੋਦ ਕਉਤਕ ਦਿਖਾਵਹੀ ।

ਮੇਰੇ ਸਤਿਗੁਰ ਦੀ ਰੂਪ ਰੰਗ ਤੇ ਅੰਗ ਅੰਗ ਦੀ ਫਬਤ ਦੇਖ ਕੇ ਦੇਖਣਹਾਰੇ ਨੈਣ ਗਿਆਨ ਆਨੰਦ ਤੇ ਖ਼ੁਸ਼ੀ ਦੇ ਕੌਤਕਾਂ ਨੂੰ ਮਾਨੋਂ ਪ੍ਰਤੱਖ ਕਰ ਕੇ ਸੁਰਤ ਨੂੰ ਦਿਖਾਉਂਦੇ ਹਨ।

ਸ੍ਰਵਨ ਸੁਜਸ ਰਸ ਰਸਿਕ ਰਸਾਲ ਗੁਨ ਸੁਨ ਸੁਨ ਸੁਰਤਿ ਸੰਦੇਸ ਪਹੁਚਾਵਹੀ ।

ਕੰਨ ਉਸ ਰਸਾਂ ਦੇ ਘਰ ਗੁਰੂ ਦੇ ਗੁਣਾਂ ਨੂੰ ਸੁਣ ਸੁਣ ਕੇ ਉਸ ਰਸ ਦੇ ਰਸਿਕ ਹੋ ਕੇ ਸੁਰਤ ਨੂੰ ਸੋਹਣੇ ਕੀਰਤੀ ਦੇ ਸੁਨੇਹੇ ਪੁਚਾ ਰਹੇ ਹਨ।

ਰਸਨਾ ਸਬਦੁ ਰਾਗ ਨਾਦ ਸ੍ਵਾਦੁ ਬਿਨਤੀ ਕੈ ਨਾਸਕਾ ਸੁਗੰਧਿ ਸਨਬੰਧ ਸਮਝਾਵਹੀ ।

ਜੀਭ ਗੁਰੂ ਕੇ ਸ਼ਬਦ ਨੂੰ ਉਚਾਰਨ ਕਰ ਕੇ ਰਾਗ ਨਾਦ ਦਾ ਸ੍ਵਾਦ ਸੁਰਤ ਨੂੰ ਬਿਨੈ ਕਰ ਰਹੀ ਹੈ, ਨਾਸਕਾ ਗੁਰੂ ਦੇ ਚਰਨ ਕਮਲਾਂ ਦੀ ਸੁਗੰਧੀ ਨੂੰ ਲੈ ਲੈ ਕੇ ਆਤਮ ਸੁਗੰਧੀ ਦਾ ਸੰਬੰਧ ਸੁਰਤ ਨੂੰ ਸਮਝਾ ਰਹੀ ਹੈ।

ਸਰਿਤਾ ਅਨੇਕ ਮਾਨੋ ਸੰਗਮ ਸਮੁੰਦ੍ਰ ਗਤਿ ਰਿਦੈ ਪ੍ਰਿਯ ਪ੍ਰੇਮ ਨੇਮੁ ਤ੍ਰਿਪਤਿ ਨ ਪਾਵਹੀ ।੬੨੦।

ਮੇਰੇ ਮਨ ਵਿਚ ਪਿਆਰੇ ਦਾ ਪ੍ਰੇਮ ਮਾਨੋ ਸਮੁੰਦਰ ਜੈਸਾ ਹੋ ਰਿਹਾ ਹੈ, ਜਿਸ ਵਿਚ ਅਨੇਕਾਂ ਨਦੀਆਂ ਜਾ ਕੇ ਮਿਲਦੀਆਂ ਹਨ, ਪਰ ਜਿਵੇਂ ਉਸ ਦਾ ਨੇਮ ਹੈ ਕਿ ਉਹ ਕਿਨਾਰਿਆਂ ਤੋਂ ਊਛਲਦਾ ਭੀ ਨਹੀਂ ਤੇ ਤ੍ਰਿਪਤ ਭੀ ਨਹੀਂ ਹੁੰਦਾ, ਤਿਵੇਂ ਮੇਰੇ ਮਨ ਰੂਪ ਸਾਗਰ ਦਾ ਇਸ ਵੇਲੇ ਦਾ ਹਾਲ ਹੈ ॥੬੨੦॥


Flag Counter