ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 136


ਜੈਸੇ ਤਉ ਮਜੀਠ ਬਸੁਧਾ ਸੈ ਖੋਦਿ ਕਾਢੀਅਤ ਅੰਬਰ ਸੁਰੰਗ ਭਏ ਸੰਗ ਨ ਤਜਤ ਹੈ ।

ਜੈਸੇ ਤਉ ਮਜੀਠ ਬਸੁਧਾ ਸੈ ਖੋਦਿ ਕਾਢੀਅਤ ਜਿਸ ਤਰ੍ਹਾਂ ਮਜੀਠ ਨੂੰ ਬਸੁਧਾ ਸੈ ਧਰਤੀ ਵਿਚੋਂ ਪੁਟਕੇ ਕਢੀਦਾ ਹੈ, ਤੇ ਓਹ ਕੁੱਟਣ ਤਥਾ ਅਵਟਣ ਆਦਿ ਦੀਆਂ ਘਾਲਾਂ ਘਾਲਕੇ ਆਪਣੇ ਰੰਗੀਲੇ ਭਾਵ ਨੂੰ ਪ੍ਰਾਪਤ ਕਰ ਲਿਆ ਕਰਦੀ ਹੈ, ਫੇਰ ਤਾਂ ਉਹ ਐਸੀ ਪ੍ਯਾਰੀ ਬਣ ਜਾਂਦੀ ਹੈ, ਕਿ ਅੰਬਰ ਸੁਰੰਗ ਭਏ ਸੰਗੁ ਨ ਤਜਤ ਹੈ ਬਸਤ੍ਰ ਨੂੰ ਭੀ ਲਗਦੇ ਸਾਰ ਆਪਣੇ ਰੰਗ ਦਾ ਬਣਾ ਲੈਂਦੀ ਹੈ। ਤੇ ਬਸਤਰ ਜਦ ਤਕ ਰਹਿੰਦਾ ਹੈ ਓਸ ਦੇ ਸਾਥ ਨੂੰ ਨਹੀਂ ਤ੍ਯਾਗਦਾ। ਅੇਸਾ ਹੀ ਹਾਲ ਸਤਿਸੰਗਤ ਦੀ ਘਾਲ ਰਸਤੇ ਆਪੇ ਨੂੰ ਸਾਧਨ ਵਾਲੇ ਗੁਰਸਿੱਖਾਂ ਦਾ ਹੈ ਕਿ ਓਨਾਂ ਦੀ ਸੰਗਤ ਦਾ ਰੰਗ ਦੂਸਰਿਆਂ ਉਪਰ ਐਡਾ ਚੜਦਾ ਹੈ ਕਿ ਇਕੇਰਾਂ ਸੰਗਤ ਵਿਚ ਬੈਠ ਮੁੜ ਅੱਡ ਨਹੀਂ ਹੋ ਸਕਦੇ।

ਜੈਸੇ ਤਉ ਕਸੁੰਭ ਤਜਿ ਮੂਲ ਫੂਲ ਆਨੀਅਤ ਜਾਨੀਅਤ ਸੰਗੁ ਛਾਡਿ ਤਾਹੀ ਭਜਤ ਹੈ ।

ਜਿਹੜੇ ਸਤਿਸੰਗ ਵਿਚ ਆਣ ਕੇ ਭੀ ਮੂਲ ਮੁੱਢ ਨੂੰ ਨਹੀਂ ਪੈਂਦੇ, ਤੇ ਦਿਖਾਵਿਆਂ ਨੂੰ ਦੌੜਦੇ ਹਨ, ਓਨਾਂ ਦਾ ਪਾਜ ਓੜਕ ਨੂੰ ਖੁਲ ਜਾਂਦਾ ਹੈ ਤੇ ਓਨ੍ਹਾਂ ਦੇ ਨੇੜੇ ਕੋਈ ਨਹੀਂ ਢੁੱਕਦਾ, ਜੈਸੇ ਤਉ ਕਸੁੰਭੇ ਤਜਿ ਮੂਲ ਫੂਲ ਆਨੀਅਤ ਜਾਨੀਅਤ ਸੰਗੁ ਛਾਡਿ ਤਾਹੀ ਤੇ ਭਜਤ ਹੈ ਜਿਸ ਤਰ੍ਹਾਂ ਕਿ ਕਸੁੰਭੇ ਦਾ ਮੁਢਉ ਤ੍ਯਾਗ ਕੇ ਫੁਲ ਲੈ ਆਈਦਾ ਹੈ ਤੇ ਉਹ ਅਪਣੇ ਮੂਲ ਦਾ ਸੰਗ ਛਡ ਔਂਦਾ ਹੈ, ਇਹ ਗੱਲ ਜਾਨੀਅਤ ਪ੍ਰਸਿਧ ਹੈ, ਸੋ ਤਾਹੀ ਤੇ ਇਸੇ ਕਰ ਕੇ ਹੀ ਭਜਤ ਬਰਬਾਦ ਹੋ ਜਾਂਦਾ ਓਸ ਦੀ ਆਬ ਨਸ਼ਟ ਹੋ ਜਾਯਾ ਕਰਦੀ ਹੈ।

ਅਰਧ ਉਰਧ ਮੁਖ ਸਲਿਲ ਸੂਚੀ ਸੁਭਾਉ ਤਾਂ ਤੇ ਸੀਤ ਤਪਤਿ ਮਲ ਅਮਲ ਸਜਤ ਹੈ ।

ਸਤਿਸੰਗ ਵਿਚ ਸਦਾ ਮਨ ਨੀਵਾਂ ਰਖੇ ਤਾਂ ਹੀ ਪੂਰਾ ਲਾਭ ਹੁੰਦਾ ਹੈ ਗਰੂਰੀ ਵਾਲਿਆਂ ਨੂੰ ਉਥੇ ਭੀ ਪੱਲੇ ਕਲੰਕ ਹੀ ਪਿਆ ਕਰਦਾ ਹੈ ਜਿਹਾ ਕਿ: ਅਰਧ ਉਰਧ ਮੁਖ ਸਲਿਲ ਸੂਚੀ ਸੁਭਾਉ ਅਰਧ ਮੁਖ ਨੀਵਾਂ ਸਿਰ ਕਰ ਕੇ ਚਲਨਾ ਸਲਿਲ ਸੁਭਾਉ ਜਲ ਦਾ ਸੁਭਾਵ ਹੈ ਤੇ ਉਰਧ ਮੁਖ ਉੱਚਾ ਸਿਰ ਕਰ ਕੇ ਬਲਨਾ ਸੂਚੀ ਸੁਭਾਉ ਅੱਗ ਦੀ ਬਾਣ ਹੁੰਦੀ ਹੈ। ਤਾਂ ਤੇ ਸੀਤ ਤਪਤ ਮਲ ਅਮਲ ਸਜਤ ਹੈ ਏਸੇ ਕਰ ਕੇ ਹੀ ਜਲ ਸੀਤ ਠੰਢਕ ਤੇ ਅਮਲ ਰਮਲਤਾ ਨੂੰ ਸਜਤ ਪ੍ਰਗਟ ਕਰਦਾ ਹੈ, ਅਤੇ ਅਗਨੀ ਤਪਤ ਸੜਨ ਤੇ ਮਲ ਕਾਲਕ ਨੂੰ।

ਗੁਰਮਤਿ ਦੁਰਮਤਿ ਊਚ ਨੀਚ ਨੀਚ ਊਚ ਜੀਤ ਹਾਰ ਹਾਰ ਜੀਤ ਲਜਾ ਨ ਲਜਤ ਹੈ ।੧੩੬।

ਇਸੇ ਹੀ ਦ੍ਰਿਸ਼ਟਾਂਤ ਅਨੁਸਾਰ ਗੁਰਮਤ ਗੁਣਾਂ ਕਰ ਕੇ ਸਭ ਤਰ੍ਹਾਂ ਊਚ ਉਤਮ ਹੁੰਦੀ ਹੋਈ ਭੀ ਨਿੰਮ੍ਰਤਾ ਧਾਰ ਕੇ ਨੀਵੀਂ ਹੋ ਵਰਤ ਰਹੀ ਹੈ, ਤੇ ਦੁਰਮਤਿ ਮਤਸਰ ਆਦਿ ਸੁਭਾਵਾਂ ਵਿਚ ਵਰਤਦੀ ਹੋਈ ਸਭ ਤਰ੍ਹਾਂ ਨੀਚ ਹੁੰਦੀ ਭੀ ਸੰਸਾਰ ਵਿਚ ਮਗਰੂਰੀ ਧਾਰ ਕੇ ਊਚ ਹੋ ਦਿਖੌਂਦੀ ਹੈ, ਪਰ ਗੁਰਮਤਿ ਦੁਰਮਤਿ ਊਚ ਨੀਚ ਨੀਚ ਊਚ ਜਦ ਸਤਿਸੰਗ ਸਰੂਪੀ ਗੁਰਮਤਿ ਵਿਖੇ ਇਹ ਦੁਰਮਤਿ ਆ ਜਾਵੇ ਭਾਵ ਦੁਰਮੀਆ ਜੇ ਸਤਿਸੰਗ ਵਿਚ ਆ ਜਾਂਦਾ ਹੈ ਤਾਂ ਉਚੀ ਹੋ ਵਰਤਨ ਵਾਲੀ ਦੁਰਮਤਿ ਨੀਚ ਨਿੰਮ੍ਰਤਾ ਭਾਵ ਵਾਲੀ ਬਣ ਜਾਯਾ ਕਰਦੀ ਹੈ, ਵਾ ਨਿੰਮ੍ਰਤਾ ਭਾਵ ਵਿਖੇ ਵਰਤਣਹਾਰੀ ਗੁਰਮਤਿ ਅਪਣੇ ਅਸਲੀ ਸਰੂਪ ਉਚ ਭਾਵ ਵਿਖੇ ਸਾਫ ਦਿਖਾਈ ਦੇਣ ਲਗ ਜਾਂਦੀ ਹੈ, ਐਉਂ ਉਚੇ ਨੀਵੇਂ ਤੇ ਨੀਵੇਂ ਉਚੇ ਹੋ ਜਾਂਦੇ ਹਨ ਸਤਿਸੰਗ ਹੋਣ ਤੇ ਹਾਰ ਹਾਰ ਜੀਤ ਲਜਾ ਨ ਲਜਤ ਹੈ ਜਿੱਤੇ ਹੋਏ ਦੁਰਮਤੀਏ ਹਾਰ ਜਾਂਦੇ ਹਨ, ਤੇ ਹਾਰੇ ਹੋਏ ਗੁਰਮੁਖ ਓੜਕ ਨੂੰ ਜਿੱਤਿਆ ਕਰਦੇ ਹਨ, ਇਸ ਤਰ੍ਹਾਂ ਨਾਲ ਸਤਿਸੰਗ ਅੰਦਰ ਲੱਜਾ ਕਰ ਕੇ ਲੱਜਿਤ ਹੋਣਾ ਕਿਸੇ ਨੂੰ ਭਾਸਦਾ ਭੀ ਨਹੀਂ ਭਾਵਸਤਿਸੰਗ ਵਿਚ ਜੇ ਆਵੇ ਤਾਂ ਮੂਲ ਦਾ ਗਾਹਕ ਹੋ ਕੇ ਆਵੇ, ਨਾ ਕਿ ਦਿਖਾਵੇ ਦਾ ਤਾਂ ਐਂਉ ਦੀ ਮੌਜ ਵਰਤ੍ਯਾ ਕਰਦੀ ਹੈ ॥੧੩੬॥


Flag Counter