ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 505


ਜੈਸੇ ਤਉ ਅਰੋਗ ਭੋਗ ਭੋਗਵੈ ਨਾਨਾ ਪ੍ਰਕਾਰ ਬ੍ਰਿਥਾਵੰਤ ਖਾਨਿ ਪਾਨ ਰਿਦੈ ਨ ਹਿਤਾਵਈ ।

ਫੇਰ ਜਿਸ ਤਰ੍ਹਾਂ ਅਰੋਗ ਰਾਜੀ ਬਾਜ਼ੀ ਨਵਾਂ ਨਿਰੋਆ ਮਨੁੱਖ ਨਾਨਾ ਪ੍ਰਕਾਰ ਦਿਆਂ ਭੋਗ ਛਕਨ ਲੈਕ ਪਦਾਰਥਾਂ ਨੂੰ ਮਾਣਦਾ ਹੈ ਪਰ ਬ੍ਰਿਥਾਵੰਤ ਰੋਗੀ ਨੂੰ ਖਾਣਾ ਪੀਣਾ ਜੀਕੂੰ ਨਹੀਂ ਭਾਯਾ ਕਰਦਾ।

ਜੈਸੇ ਮਹਖੀ ਸਹਨਸੀਲ ਕੈ ਧੀਰਜੁ ਧੁਜਾ ਅਜਿਆ ਮੈ ਤਨਕ ਕਲੇਜੋ ਨ ਸਮਾਵਈ ।

ਜਿਸ ਤਰ੍ਹਾਂ ਸਹਨਸੀਲਤਾ ਜੇਰੇ ਕਾਰਣ ਮਹਖੀ ਭੈਂਸ = ਮਹਿੰ ਧੀਰਜ ਦੀ ਧੁਜਾ ਨਿਸ਼ਾਨ ਮੰਨੀ ਗਈ ਹੈ, ਐਸੇ ਹੀ ਬਕਰੀ ਅੰਦਰ ਤਨਕ ਥੋੜੇ ਮਾਤ੍ਰ ਭੀ ਕਲੇਜੇ ਜਿਗਰੇ ਦੀ ਸਮਾਈ ਨਹੀਂ ਹੁੰਦੀ ਅਰਥਾਤ ਮਹਿੰ ਦੇ ਵਡੇ ਜੇਰੇ ਦੀ ਅਪੇਖ੍ਯਾ ਬਕਰੀ ਅਤ੍ਯੰਤ ਕਰ ਕੇ ਜਿਗਰੇ ਦੀ ਥੋੜੀ ਹੈ।

ਜੈਸੇ ਜਉਹਰੀ ਬਿਸਾਹੈ ਵੇਚੇ ਹੀਰਾ ਮਾਨਕਾਦਿ ਰੰਕ ਪੈ ਨ ਰਾਖਿਓ ਪਰੈ ਜੋਗ ਨ ਜੁਗਾਵਈ ।

ਜਿਸ ਤਰ੍ਹਾਂ ਜੁਆਹਰੀ ਹੀਰੇ ਰਤਨਾਂ ਆਦਿ ਨੂੰ ਖ੍ਰੀਦਦਾ ਤੇ ਵੇਚਦਾ ਹੈ, ਅਰਥਾਤ ਐਡੇ ਅਮੋਲਕ ਪਦਾਰਥਾਂ ਦਾ ਵਪਾਰ ਕਰਦਾ ਭਾਰੀ ਸਮਾਈ ਕਰੀ ਰਖਦਾ ਹੈ, ਪ੍ਰੰਤੂ ਗ੍ਰੀਬ ਪਾਸੋਂ ਇਕ ਹੀਰਾ ਭੀ ਹੋਵੇ ਤਾਂ ਸਮਾਈ ਦੇ ਘਾਟੇ ਕਾਰਣ ਰਖਿਆ ਸਾਂਭਿਆ ਨਹੀਂ ਜਾ ਸਕਦਾ ਕ੍ਯੋਂਕਿ ਜੋਗ ਨ ਜੁਗਾਵਈ ਓਨਾਂ ਦਾ ਜੋੜ ਨਹੀਂ ਜੁੜ ਸਕਦਾ। ਭਾਵ ਗ੍ਰੀਬੀ ਤੇ ਹੀਰੇ ਦਾ ਅਨਜੋੜ ਹੈ।

ਤੈਸੇ ਗੁਰ ਪਰਚੈ ਪਵਿਤ੍ਰ ਹੈ ਪੂਜਾ ਪ੍ਰਸਾਦਿ ਪਰਚ ਅਪਰਚੇ ਦੁਸਹਿ ਦੁਖ ਪਾਵਈ ।੫੦੫।

ਤਿਸੀ ਪ੍ਰਕਾਰ ਹੀ ਗੁਰ ਪਰਚੇ ਗੁਰੂ ਮਹਾਰਾਜ ਉਪਰ ਪ੍ਰਤੀਤ ਪ੍ਰਾਪਤ ਪੁਰਖਾਂ ਨੂੰ ਤਾਂ ਗੁਰੂ ਕਿਆਂ ਅਗੇ ਅਰਪੀ ਪੂਜਾ ਪ੍ਰਸਾਦਿ ਪਵਿਤ੍ਰ ਕਲ੍ਯਾਣ ਕਰਤਾ ਹੁੰਦੀ ਹੈ, ਅਤੇ ਜੋ ਅਪਰਚੇ ਅਪਰਤੀਤੇ ਹੁੰਦੇ ਹਨ, ਓਨ੍ਹਾਂ ਨੂੰ ਇਹ ਐਸਾ ਪ੍ਰਸਾਦਿ ਅੰਗੀਕਾਰ ਕੀਤਾ ਹੋਇਆ, ਅਪਚੁ ਅਜੀਰਣ ਬਦ ਹਜਮੀ ਹਉਮੈਂ ਪ੍ਰਗਟ ਕਰ ਕੇ ਕਠਿਨ ਦੁੱਖ ਨੂੰ ਪ੍ਰਾਪਤ ਕਰਿਆ ਕਰਦਾ ਹੈ ॥੫੦੫॥


Flag Counter