ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 40


ਸੀਂਚਤ ਸਲਿਲ ਬਹੁ ਬਰਨ ਬਨਾਸਪਤੀ ਚੰਦਨ ਸੁਬਾਸ ਏਕੈ ਚੰਦਨ ਬਖਾਨੀਐ ।

ਪਾਣੀ ਦ੍ਵਾਰੇ ਸਿੰਜੀ ਹੋਈ ਬਨਾਸਪਤੀ (ਘਾਹ ਤ੍ਰੀਣ ਬਿਰਛ ਬੇਲ ਆਦਿ) ਅਨੰਤ ਰੂਪਾਂ ਵਿਚ ਜੋ ਹੋ ਰਹੀ ਸੀ ਚੰਦਨ ਦੀ ਸੁਬਾਸ ਸੁਗੰਧੀ ਦ੍ਵਾਰੇ ਸਿੰਚੀ ਜਾ ਕੇ ਇਕ ਮਾਤ੍ਰ ਚੰਨਣ ਹੀ ਕਹੀ ਜਾਣ ਲੱਗ ਪੈਂਦੀ ਹੈ।

ਪਰਬਤ ਬਿਖੈ ਉਤਪਤ ਹੁਇ ਅਸਟ ਧਾਤ ਪਾਰਸ ਪਰਸਿ ਏਕੈ ਕੰਚਨ ਕੈ ਜਾਨੀਐ ।

ਪਰਬਤਾਂ ਵਿਖੇ ਲੋਹਾ, ਤਾਂਬਾ, ਚਾਂਦੀ, ਕਲੀ, ਜਿਸਤ, ਸਿੱਕਾ, ਪਾਰਾ, ਸੋਨਾ ਅੱਠ ਧਾਤਾਂ ਉਪਜਿਆ ਕਰਦੀਆਂ ਹਨ ਪ੍ਰੰਤੂ ਪਾਰਸ ਨੂੰ ਪਰਸਨ ਛੋਹਨ ਮਾਤ੍ਰ ਤੇ ਹੀ ਇਕ ਸੋਨਾ ਕਰ ਕੇ ਹੀ ਜਾਨਣ ਵਿਚ ਆਯਾ ਕਰਦਾ ਹੈ।

ਨਿਸ ਅੰਧਕਾਰ ਤਾਰਾ ਮੰਡਲ ਚਮਤਕਾਰ ਦਿਨ ਦਿਨਕਰ ਜੋਤਿ ਏਕੈ ਪਰਵਾਨੀਐ ।

ਰਾਤ੍ਰੀ ਸਮੇਂ ਅੰਧਕਾਰ ਹਨੇਰਾ ਪਸਰਨ ਸਮੇਂ ਤਾਰਿਆਂ ਦਾ ਮੰਡਲ ਅਸੰਖ੍ਯਾਤ ਤਾਰਿਆਂ ਦਾ ਘੇਰਾ ਚਮਤਕਾਰ ਵਿਚ ਆਯਾ ਕਰਦਾ ਹੈ, ਭਾਵ ਪ੍ਰਗਟਿਆ ਕਰਦਾ ਹੈ, ਪਰ ਜ੍ਯੋਂ ਹੀ ਕਿ ਦਿਨ ਦੇ ਸਮੇਂ ਦਿਨਕਰ ਸੂਰਜ ਦੀ ਜੋਤ ਪ੍ਰਗਟ ਹੁੰਦੀ ਹੈ ਤਾਂ ਉਹੀ ਤਾਰੇ ਭੀ ਆਪਣੇ ਪ੍ਰਕਾਸ਼ ਦੀ ਅਨੇਕਤਾਈ ਨੂੰ ਤ੍ਯਾਗ ਕੇ ਏਕੈ ਪਰਵਾਨੀਐ ਇਕੋ ਮਾਤ੍ਰ ਪ੍ਰਕਾਸ਼ ਨੂੰ ਹੀ ਪ੍ਰਵਾਣ ਕਰ ਲੈਂਦੇ ਹਨ ਭਾਵ ਏਕਤਾ ਵਿਚ ਲੀਨ ਹੋ ਜਾਂਦੇ ਹਨ।

ਲੋਗਨ ਮੈ ਲੋਗਾਚਾਰ ਗੁਰਮੁਖਿ ਏਕੰਕਾਰ ਸਬਦ ਸੁਰਤਿ ਉਨਮਨ ਉਨਮਾਨੀਐ ।੪੦।

ਬੱਸ ਇਵੇਂ ਹੀ ਬਨਸਪਤੀ, ਧਾਤੂਆਂ ਤਥਾ ਸਤਾਰਿਆਂ ਦੇ ਵੁਕਤ ਢੰਗ ਨਾਲ ਏਕਤਾ ਵਿਚ ਆ ਜਾਣ ਸਮਾਨ ਹੀ ਲੋਕਾਂ ਅੰਦਰ ਲੋਕਾਚਾਰੀ ਵਿਚ ਵਰਤਿਦਆਂ ਹੋਇਆ ਭੀ ਗੁਰਮੁਖੀ ਭਾਵ ਵਿਖੇ ਏਕੰਕਾਰ ਇਕੋ ਸ੍ਵਰੂਪ = ਗੁਰ ਸਿੱਖ ਹੀ ਹੋ ਜਾਯਾ ਕਰਦੇ ਹਨ, ਹਾਂ! ਇਸ ਮਰਮ ਦਾ ਉਨਮਾਨ ਵੀਚਾਰ ਤਦ ਪਤਾ ਲੱਗਿਆ ਕਰਦਾ ਹੈ, ਜਦ ਸ਼ਬਦ ਵਿਖੇ ਸੁਰਤ ਉਨਮਾਨ ਉਨਮਨੀ ਦਸ਼ਾ ਵਿਖੇ ਆਈ ਹੋਈ ਪਰਚੇ ਨੂੰ ਪ੍ਰਾਪਤ ਹੋ = ਮਗਨ ਹੋ ਜਾਵੇ ॥੪੦॥


Flag Counter