ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 106


ਸਬਦ ਸੁਰਤਿ ਆਪਾ ਖੋਇ ਗੁਰਦਾਸੁ ਹੋਇ ਬਰਤੈ ਬਰਤਮਾਨਿ ਗੁਰ ਉਪਦੇਸ ਕੈ ।

ਸਬਦ ਸੁਰਤਿ ਸ਼ਬਦ ਗੁਰੂ ਕੇ ਉਪਦੇਸ਼ੇ ਮੰਤ੍ਰ ਵਿਖੇ ਸੁ+ਰਤਿ ਸ੍ਰੇਸ਼੍ਟ ਪ੍ਰੀਤੀ ਦ੍ਰਿੜ ਲਗਨ ਲਗਾ ਕੇ, ਏਨਾਂ ਨੇ ਆਪਾ ਖੋਇ ਗੁਵਾ ਦਿੱਤਾ ਹੈ ਭਾਵ ਸਭ ਪ੍ਰਕਾਰ ਸੂਖਮ ਸਥੂਲ ਹੰਕਾਰ ਤੋਂ ਰਹਿਤ ਹੋ ਗਏ ਹਨ, ਅਤੇ ਇਸੇ ਕਰ ਕੇ ਹੀ ਗੁਰਦਾਸ ਹੋਇ ਗੁਰੂ ਕੇ ਦਾਸ ਸੇਵਕ ਸਿੱਖ ਬਣ ਜਾਂਦੇ ਹਨ ਕ੍ਯੋਂਕਿ ਆਗਿਆ ਵਿਚ ਵਰਤਣ ਵਾਲੇ ਨੂੰ ਹੀ ਦਾਸ ਯਾ ਸੇਵਕ ਕਹਿੰਦੇ ਹਨ ਤੇ ਇਉਂ ਦੇ ਹੋਕੇ: ਗੁਰ ਉਪਦੇਸ ਕੈ ਗੁਰ ਉਪਦੇਸ਼ ਦੀ ਕਮਾਈ ਅਭਿਆਸ ਕਰਦੇ ਹੋਏ ਜੈਸੀ ਬਰਤਮਾਨ ਹੋਣਹਾਰ ਆਣ ਵਾਪਰਦੀ ਹੈ, ਓਸ ਵਿਖੇ ਵਰਤੈ ਵਰਤਿਆ ਕਰਦੇ ਹਨ।

ਹੋਨਹਾਰ ਹੋਈ ਜੋਈ ਜੋਈ ਸੋਈ ਸੋਈ ਭਲੋ ਪੂਰਨ ਬ੍ਰਹਮ ਗਿਆਨ ਧਿਆਨ ਪਰਵੇਸ ਕੈ ।

ਇਨਾਂ ਦਾ ਨਿਸਚਾ ਪੂਰਨ ਬ੍ਰਹਮ ਸਰੂਪ ਸੰਤਾ ਨੂੰ ਸਰਬਤ੍ਰ ਸਰਬ ਠੌਰ ਰਮਿਆ ਜਾਣ ਕੇ ਇਕ ਇਸੇ ਮਾਤ੍ਰ ਗਿਆਨ ਦੇ ਧਿਆਨ ਵਿਚ ਹੀ ਪ੍ਰਵੇਸ਼ ਕਰ ਕੇ ਲਿਵਲੀਨ ਹੋ ਕੇ ਐਉਂ ਪੱਕਾ ਰਹਿੰਦਾ ਹੈ ਕਿ ਜੋਈ ਜੋਈ ਹੋਣਹਾਰ ਜਿਹੜੀ ਜਿਹੜੀ ਹੋਣਹਾਰ ਅਵਸ਼੍ਯ ਵਰਤਨਹਾਰੀ ਕਾਰਵਾਈ ਯਾ ਭਾਣਾ ਵਰਤੇ, ਸੋਈ ਸੋਈ ਭਲੋ ਹੋਇ ਉਹੋ ਓਹੋ ਹੀ ਭਲਾ ਹੀ ਭਲਾ ਹੈ।

ਨਾਮ ਨਿਹਕਾਮ ਧਾਮ ਸਹਜ ਸੁਭਾਇ ਚਾਇ ਪ੍ਰੇਮ ਰਸ ਰਸਿਕ ਹੁਇ ਅੰਮ੍ਰਤ ਅਵੇਸ ਕੈ ।

ਬਸ ਇਸ ਪ੍ਰਕਾਰ ਦੀ ਭਾਵਨਾ ਪੂਰਬਕ ਵਰਤਦਿਆਂ ਕਾਮਨਾ ਤੋਂ ਰਹਿਤ ਨਿਸਕਾਮ ਨਿਰਵਿਕਲਪ ਪਦ ਹੈ ਨਾਮ ਜਿਸ ਦਾ ਓਸ ਧਾਮ ਪਦ ਵਿਖ ਸਹਿਜ ਸੁਭਾਵ ਚਾਉ ਉਮੰਗ ਸਿੱਕ ਉਤਪੰਨ ਕਰ ਕੇ ਅੰਮ੍ਰਿਤ ਅਵੇਸ਼ ਕੈ ਅੰਮ੍ਰਿਤ ਮ੍ਰਿਤ੍ਯੂ ਰਹਿਤ ਅਮਰ ਦਸ਼ਾ ਵਿਖੇ ਪ੍ਰਵੇਸ਼ ਪਾ ਕੇ ਪ੍ਰੇਮ ਰਸ ਅਨਭਉ ਰਸ ਦੇ ਰਸੀਏ ਉਹ ਬਣ ਜਾਂਦੇ ਹਨ।

ਸਤਿਰੂਪ ਸਤਿਨਾਮ ਸਤਿਗੁਰ ਗਿਆਨ ਧਿਆਨ ਪੂਰਨ ਸਰਬਮਈ ਆਦਿ ਕਉ ਅਦੇਸ ਕੈ ।੧੦੬।

ਤਾਤਪਰਯ ਇਹ ਕਿ ਸਤਿਗੁਰਾਂ ਦੇ ਉਪਦੇਸ਼ੇ ਸਤਿਨਾਮ ਦੀ ਕਮਾਈ ਤੋਂ ਹੋਇਆ ਹੁੰਦਾ ਹੈ ਜੋ ਸਤਿ ਸਰੂਪ ਅਬਿਨਾਸੀ ਸਰੂਪ ਅਕਾਲ ਮੂਰਤਿ ਦਾ ਗਿਆਨ ਓਸ ਦੇ ਧਿਆਨ ਵਿਚ ਮਗਨ, ਪੂਰਨ ਸਰਬ ਮਈ ਆਦਿ ਕਉ ਅਦੇਸ ਕੈ ਜੋ ਸਭ ਦੀ ਆਦਿ ਪ੍ਰੀਪੂਰਣ ਸਰਬ ਸਰੂਪੀ ਪਰਮਾਤਮਾ ਹੈ, ਬਸ ਓਸੇ ਨੂੰ ਹੀ ਮਾਨੋ ਆਦੇਸ ਬੰਦਨਾ ਨਮਸਕਾਰ ਕਰਦੇ ਰਹਿੰਦੇ ਹਨ ॥੧੦੬॥


Flag Counter