ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 323


ਮਾਰਬੇ ਕੋ ਤ੍ਰਾਸੁ ਦੇਖਿ ਚੋਰ ਨ ਤਜਤ ਚੋਰੀ ਬਟਵਾਰਾ ਬਟਵਾਰੀ ਸੰਗਿ ਹੁਇ ਤਕਤ ਹੈ ।

ਚੋਰ ਮਾਰਬੈ ਕੋ ਮਾਰ ਪਿੱਟ ਦੇ ਭੈ ਨੂੰ ਦੇਖਦਾ ਹੋਇਆ ਭੀ ਚੋਰੀ ਨੂੰ ਨਹੀਂ ਤ੍ਯਾਗਦਾ ਅਤੇ ਰਾਹਮਾਰ ਧਾੜਵੀ ਸੰਗੀ ਸਾਥੀ = ਪੰਧਾਊਆਂ ਨਾਲ ਦਾ ਹੀ ਪੰਧਾਊ ਬਣ ਕੇ ਭੀ ਬਟਵਾਰੀ ਧਾੜੇ ਨੂੰ ਹੀ ਤਕ੍ਯਾ ਚਿਤਵਿਆ ਕਰਦਾ ਹੈ। ਭਾਵ ਬ੍ਯਸਨ ਦੀ ਚਾਟ ਵਿਚ ਮਾਰੇ ਫੜੇ ਜਾਣ ਦਾ ਡਰ ਨਹੀਂ ਮੰਨਦਾ।

ਬੇਸ੍ਵਾਰਤੁ ਬ੍ਰਿਥਾ ਭਏ ਮਨ ਮੈ ਨਾ ਸੰਕਾ ਮਾਨੈ ਜੁਆਰੀ ਨ ਸਰਬਸੁ ਹਾਰੇ ਸੈ ਥਕਤ ਹੈ ।

ਵੇਸ੍ਵਾ ਲੰਪਟ ਪੁਰਖ ਬ੍ਰਿਥਾ ਭਏ ਗਰਮੀ ਆਤਸ਼ਕ, ਸੁਜ਼ਾਕ ਆਦਿ ਪੀੜਾ ਦੇ ਹੋ ਗਿਆਂ ਭੀ ਅਗੇ ਵਾਸਤੇ ਜਾਂ ਰੋਗੀ ਹੋ ਜਾਵਾਂਗਾ ਮਨ ਵਿਖੇ ਮਨ ਵਿਖੇ ਐਸੀ ਸ਼ੰਕਾ ਗਿਲਾਨੀ ਨਹੀਂ ਮੰਨਦਾ, ਮੁੜ ਮੁੜ ਨਿਰਲੱਜ ਹੋਇਆ ਓਸੇ ਪਾਸੇ ਹੀ ਤਾਂਘ ਰਖਦਾ ਹੈ। ਅਤੇ ਜੂਆਰੀਆ ਸਰਬੰਸ ਹਾਰ ਕੇ ਭੀ ਮੁੜ ਮੁੜ ਦਾਅ ਲੌਣੋਂ ਨਹੀਂ ਥਕਿਆ ਕਰਦਾ ਹੈ।

ਅਮਲੀ ਨ ਅਮਲ ਤਜਤ ਜਿਉ ਧਿਕਾਰ ਕੀਏ ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈ ।

ਸ਼ਰਾਬੀ, ਅਫੀਮੀ, ਪੋਸਤੀ, ਚਰਸੀ ਆਦਿ ਅਮਲੀ ਨਸ਼ਈ ਆਦਮੀ ਜਿਸ ਤਰ੍ਹਾਂ ਹਿਤਕਾਰੀ ਸਬੰਧੀਆਂ ਤਿਮਤ੍ਰਾਂ ਦ੍ਵਾਰੇ ਬਾਰੰਬਾਰ ਸਰਮਿੰਦਿਆਂ ਲੱਜਿਤ ਕੀਤਿਆਂ ਜਾ ਕੇ ਭੀ, ਤੇ ਹਰ ਇਕ ਅਮਲ ਦੇ ਔਗੁਣ ਤਥਾ ਦੁੱਖਾਂ ਬਾਬਤ ਲੋਕਾਂ ਜਬਾਨੀ ਵਾ ਬੇਦਾਂ ਸ਼ਾਸਤ੍ਰਾਂ ਦ੍ਵਾਰੇ ਸੁਣ ਸੁਣ ਕੇ ਮੁੜ ਮੁੜ ਛਕੀ ਜਾਂਦਾ ਹੈ।

ਅਧਮ ਅਸਾਧ ਸੰਗ ਛਾਡਤ ਨ ਅੰਗੀਕਾਰ ਗੁਰਸਿਖ ਸਾਧਸੰਗ ਛਾਡਿ ਕਿਉ ਸਕਤ ਹੈ ।੩੨੩।

ਜਦ ਉਪਰ ਕਥਨ ਕੀਤੇ ਐਸੇ ਐਸੇ ਅਧਮ ਪਾਂਬਰ ਨੀਚ ਲੋਗ ਭੈੜੀ ਸੰਗਤ ਨੂੰ ਅੰਗੀਕਾਰ ਪ੍ਰਵਾਣ ਕਰ ਕੇ ਨਹੀਂ ਛੱਡਦੇ ਹਨ ਓਸੇ ਪਾਸੇ ਦੀ ਹੀ ਖਿੱਚ ਧਾਰਦੇ ਹਨ, ਤਾਂ ਗੁਰੂ ਕਾ ਸਿੱਖ ਜਿਸ ਨੇ ਇਕੇਰਾਂ ਗੁਰੂ ਕੀ ਸਾਧ ਸੰਗਤ ਵਿਚ ਪ੍ਰਵੇਸ਼ ਪਾ ਲਿਆ ਉਹ ਕ੍ਯੋਂ ਗੁਰੂਕਿਆਂ ਸਿੱਖਾਂ ਦੀ ਸੰਗਤ ਨੂੰ ਛੱਡ ਕੇ ਦੂਸਰੇ ਕਿਸੇ ਪਾਸੇ ਜਾ ਸਕੇ ॥੩੨੩॥


Flag Counter