ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 263


ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਅਤਿ ਪ੍ਰੇਮ ਕੈ ਪਰਸਪਰ ਬਿਸਮ ਸਥਾਨ ਹੈ ।

ਆਪੋ ਵਿਚੀ ਅਤ੍ਯੰਤ ਪ੍ਰੇਮ ਕਰਨ ਕਾਰਣ ਗੁਰਸਿੱਖਾਂ ਦੀ ਸੰਗਤ ਦੇ ਮਿਲਾਪ ਦਾ ਪ੍ਰਤਾਪ ਅਚਰਜਤਾ ਦੀ ਥਾਂ ਕਾਰਣ ਹੈ।

ਦ੍ਰਿਸਟਿ ਦਰਸ ਕੈ ਦਰਸ ਕੈ ਦ੍ਰਿਸਟਿ ਹਰੀ ਹੇਰਤ ਹਿਰਾਤ ਸੁਧਿ ਰਹਤ ਨ ਧਿਆਨ ਹੈ ।

ਕ੍ਯੋਂਕਿ ਨੇਤ੍ਰਾਂ ਦ੍ਵਾਰੇ ਗੁਰਸਿੱਖਾਂ ਨੂੰ ਦੇਖਦੇ ਸਾਰ ਹੀ ਦਰਸ ਕੈ ਦਿਸ੍ਯ ਪਰਪੰਚ ਵੱਲੋਂ ਨਿਗ੍ਹਾ ਹਰੀ ਜਾਂਦੀ ਹੈ ਭਾਵ ਸੁਤੇ ਹੀ ਬਾਹਰਮੁਖੀ ਹੋਣੋਂ ਰੁਕ ਜਾਂਦੀ ਹੈ। ਹੇਰਤ ਹਿਰਾਤ ਜਿਸ ਵੇਲੇ ਓਨ੍ਹਾਂ ਨੂੰ ਹੇਰਤਿ ਗੁੜ੍ਹ ਭਾਵ ਨਾਲ ਦਖੀਏ ਤਾਂ ਸੁਧਿ ਮੈਂ ਮੇਰੀ ਦੀ ਹੋਸ਼ ਹੀ ਹਿਰਾਤ ਮਾਰੀ ਜਾਂਦੀ ਨਿਵਿਰਤ ਹੋ ਜਾਂਦੀ ਹੈ ਤੇ ਧਿਆਨ ਤਾਂਘਾਂ ਵਾਲੀਆਂ ਬਾਤਾਂ ਦਾ ਭੀ ਖਿਆਲ ਕਲਪਨਾ ਫੁਰਨਾ ਨਹੀਂ ਰਹਿੰਦਾ ਹੈ।

ਸਬਦ ਕੈ ਸੁਰਤਿ ਸੁਰਤਿ ਕੈ ਸਬਦ ਹਰੇ ਕਹਤ ਸੁਨਤ ਗਤਿ ਰਹਤ ਨ ਗਿਆਨ ਹੈ ।

ਗੁਰਸਿੱਖਾਂ ਦੇ ਸ਼ਬਦ ਸੁਨਣ ਮਾਤ੍ਰ ਤੇ ਹੋਰਨਾਂ ਸ਼ਬਦਾਂ ਵੱਲੋਂ ਕੰਨ ਹਰੇ ਜਾਂਦੇ ਟਲ ਔਂਦੇ ਹਨ ਅਤੇ ਕਹਿਣਾ ਸੁਨਣਾ ਗਤਿ ਨਿਵਿਰਤ ਹੋ ਜਾਂਦਾ ਹੈ। ਅਰੁ ਬਾਹਰਲੇ ਗਿਆਨ ਤੋਂ ਭੀ ਰਹਿਤ ਹੋ ਜਾਂਦਾ ਹੈ, ਅਰਥਾਤ ਚਤੁਰਾਈਆਂ ਚਲੌਨ ਦੀ ਵਾਦੀ ਤਿਆਗ ਦਿੰਦਾ ਹੈ।

ਅਸਨ ਬਸਨ ਤਨ ਮਨ ਬਿਸਮਰਨ ਹੁਇ ਦੇਹ ਕੈ ਬਿਦੇਹ ਉਨਮਤ ਮਧੁ ਪਾਨ ਹੈ ।੨੬੩।

ਖਾਣ ਪੀਣ ਤਥਾ ਬਸਤ੍ਰ ਪਹਿਨਣ ਦਾ ਸ਼ੌਕ ਅਰੁ ਸ਼ਰੀਰ ਦੀ ਸੰਭਾਲ, ਤਥਾ ਮਨ ਦੀਆਂ ਕਪੋਲ ਕਲਪਨਾਂ ਸਭ ਭੁੱਲ ਜਾਂਦੀਆ ਹਨ, ਅਤੇ ਸੁਤੇ ਸਿੱਧ ਹੀ ਬਿਵਹਾਰ ਵਿਚ ਵਰਤਦਾ ਹੈ। ਮਾਨੋ ਅਨੁਭਵ ਅੰਮ੍ਰਿਤ ਨੂੰ ਪਾਨ ਕਰ ਕੇ ਉਨਮਤ ਮਗਨਾਨਾ ਹੋਇਆ, ਦੇਹ ਵਲੋਂ ਬਿਦੇਹ ਹੋਇਆ ਰਹਿੰਦਾ ਹੈ ॥੨੬੩॥


Flag Counter