ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 14


ਪ੍ਰੇਮ ਰਸ ਬਸਿ ਹੁਇ ਪਤੰਗ ਸੰਗਮ ਨ ਜਾਨੈ ਬਿਰਹ ਬਿਛੋਹ ਮੀਨ ਹੁਇ ਨ ਮਰਿ ਜਾਨੇ ਹੈ ।

ਪ੍ਰੇਮ ਰਸ ਵੱਸ ਅਧੀਨ ਹੋ ਕੇ, ਕੀਹ ਪਤੰਗਾ ਫੰਬਟ ਨਹੀਂ ਜਾਣਦਾ ਹੈ- ਦੀਪਕ ਦੇ ਸੰਗਮ ਮਿਲਾਪ ਤੋਂ ਹੋਣ ਹਾਰੇ ਮਰਣ ਰੂਪ ਦੁਖ ਨੂੰ? ਕਿੰਤੂ ਜਾਣਦਾ ਹੈ ਅਰੁ ਬਿਰਹ ਵਿਛੋੜੇ ਤੋਂ ਹੋਣ ਵਾਲੀ ਬਿਛੋਹ ਜੁਦਾਈ ਕਰ ਕੇ ਮਛਲੀ ਨਹੀਂ ਜਾਣਦੀ ਹੈ ਮਰਣੇ = ਮੌਤ ਨੂੰ? ਕਿੰਤੂ ਜਾਣਦੀ ਹੈ। ਜਦ ਜਾਣ ਬੁਝ ਕੇ ਇਹ ਦੋਨੋਂ ਪ੍ਰੇਮ ਅਤੇ ਵਿਛੋੜੇ ਦੇ ਵੱਸ ਹੁੰਦੇ ਹੋਏ ਮਿਰਤੂ ਦਾ ਸ਼ਿਕਾਰ ਹੁੰਦੇ ਹਨ ਤੇ ਇਨ੍ਹਾਂ ਨੂੰ ਰਵਾਲ ਭਰ ਭੀ ਸੰਕੋਚ ਨਹੀਂ ਹੁੰਦਾ ਤਾਂ ਇਨਾਂ ਨੂੰ ਦੇਖਦਿਆਂ ਹੋਇਆਂ ਭੀ-

ਦਰਸ ਧਿਆਨ ਜੋਤਿ ਮੈ ਨ ਹੁਇ ਜੋਤੀ ਸਰੂਪ ਚਰਨ ਬਿਮੁਖ ਹੋਇ ਪ੍ਰਾਨ ਠਹਰਾਨੇ ਹੈ ।

ਜੋਤੀ ਸਰੂਪ ਪਰਮਾਤਮਾ ਸਤਿਗੁਰੂ ਦੇ ਦਰਸ਼ਨ ਦੀ ਤਾਂਘ ਵਿਚ ਭਾਵ ਉਕਤ ਸਰੂਪ ਦਾ ਇਕ ਟਕ ਧਿਆਨ ਖਿਆਲ ਕਰਦਿਆਂ, ਜ੍ਯੋਤੀ ਸਰੂਪ ਨਾ ਹੋ ਕੇ ਅਰਥਾਤ ਉਸ ਨਾਲ ਅਭੇਦ ਨਾ ਹੋ ਕੇ, ਅਰੁ ਚਰਣਾਂ ਤੋਂ ਬਿਮੁਖ ਓਹਲੇ ਹੋ ਕੇ ਬੈਠੇ ਮੇਰੇ, ਪ੍ਰਾਨ ਠਹਿਰੇ ਪਏ ਹਨ ਭਾਵ ਮੈਂ ਤੜਪ ਕੇ ਮਰ ਨਹੀਂ ਗਿਆ।

ਮਿਲਿ ਬਿਛਰਤ ਗਤਿ ਪ੍ਰੇਮ ਨ ਬਿਰਹ ਜਾਨੀ ਮੀਨ ਅਉ ਪਤੰਗ ਮੋਹਿ ਦੇਖਤ ਲਜਾਨੇ ਹੈ ।

ਇਸ ਤੋਂ ਸਿੱਧ ਹੈ ਕਿ ਪ੍ਰੇਮ ਭਾਵ ਕਰ ਕੇ ਮਿਲਾਪ ਦੀ ਗਤਿ ਦਸ਼ਾ ਨੂੰ ਅਰੁ ਵਿਛੋੜੇ ਕਰ ਕੇ ਬਿਛੜਨ ਦੀ ਦਸ਼ਾ = ਨਹੀਂ ਜਾਣੀ ਮੈਂ ਨਹੀਂ ਸਮਝੀ, ਜਿਸ ਕਰ ਕੇ ਮੈਨੂੰ ਮੱਛੀ ਅਤੇ ਪਤੰਗਾ ਦੇਖ ਦੇਖ ਕੇ ਸ਼ਰਮਿੰਦੇ ਹੋ ਰਹੇ ਹਨ।

ਮਾਨਸ ਜਨਮ ਧ੍ਰਿਗੁ ਧੰਨਿ ਹੈ ਤ੍ਰਿਗਦ ਜੋਨਿ ਕਪਟ ਸਨੇਹ ਦੇਹ ਨਰਕ ਨ ਮਾਨੇ ਹੈ ।੧੪।

ਤਾਂ ਤੇ ਇਸ ਮਨੁੱਖਾ ਜਨਮ ਨੂੰ ਧਿਕਾਰ ਹੈ, ਜੋ ਕਪਟ ਦਾ ਸਨੇਹ ਦਿਖਾਵੇ ਮਾਤ੍ਰ ਦਾ ਪ੍ਰੇਮ ਧਾਰੀ ਇਸ ਦੇਹ ਨੂੰ ਨਰਕ ਰੂਪ ਨਹੀਂ ਮੰਨਦਾ ਹੈ। ਇਸ ਨਾਲੋਂ ਉਹ ਤਾਮਸੀ ਜੂਨਾਂ ਧੰਨ ਹਨ, ਜੋ ਨਰਕ ਰੂਪ ਦੇਹ ਦਾ ਮਾਨ ਆਦਰ ਨਹੀਂ ਕਰਦੀਆਂ ਭਾਵ ਪਿਆਰੇ ਪ੍ਰੀਤਮ ਤੋਂ ਤੁਛ ਸਮਝ ਕੇ ਵਾਰ ਸਿੱਟਦੀਆਂ ਹਨ ॥੧੪॥