ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 407


ਦੈਤ ਸੁਤ ਭਗਤ ਪ੍ਰਗਟਿ ਪ੍ਰਹਿਲਾਦ ਭਏ ਦੇਵ ਸੁਤ ਜਗ ਮੈ ਸਨੀਚਰ ਬਖਾਨੀਐ ।

ਹਿਰੰਨ ਕਸ਼੍ਯਪ ਦੈਤ ਦੇ ਘਰ ਪ੍ਰਹਿਲਾਦ ਪੁਤ੍ਰ ਉਘਾ ਭਗਤ ਉਪਜਿਆ ਤੇ ਸੂਰਜ ਦੇਵਤਾ ਦੇ ਘਰ ਛਨਿਛਰ ਪੁਤ੍ਰ ਹੋਇਆ ਇਹ ਗੱਲ ਸਭ ਲੋਕ ਆਖਦੇ ਹਨ।

ਮਧੁਪੁਰ ਬਾਸੀ ਕੰਸ ਅਧਮ ਅਸੁਰ ਭਏ ਲੰਕਾ ਬਾਸੀ ਸੇਵਕ ਭਭੀਖਨ ਪਛਾਨੀਐ ।

ਪਵਿਤ੍ਰ ਧਾਮ ਰੂਪ ਪੁਰੀਆਂ ਵਿਚੋਂ ਮਧੁ ਪੁਰ ਮਥਰਾ ਪੁਰੀ ਵਿਖੇ ਵੱਸਣ ਵਾਲਾ ਕੰਸ ਅਸੁਰ ਦੈਤ ਹੋਯਾ ਦੈਤ ਭੀ ਅਧਮ ਨੀਚ ਅਤੇ ਦੈਤਾਂ ਦੀ ਨਗਰੀ ਲੰਕਾ ਦਾ ਵਸਨੀਕ ਸੀ ਬਿਭੀਖਣ ਰੌਣ ਦਾ ਛੋਟਾ ਭਰਾ ਜਿਸ ਨੂੰ ਰਾਮ ਜੀ ਦਾ ਸੇਵਕ ਭਗਤ ਸਾਰਾ ਜਹਾਨ ਹੀ ਪਛਾਣਦਾ ਮੰਨਦਾ ਹੈ।

ਸਾਗਰ ਗੰਭੀਰ ਬਿਖੈ ਬਿਖਿਆ ਪ੍ਰਗਾਸ ਭਈ ਅਹਿ ਮਸਤਕਿ ਮਨ ਉਦੈ ਉਨਮਾਨੀਐ ।

ਡੂੰਘਾ ਸਮੁੰਦ੍ਰ ਜਿਸ ਨੂੰ ਭਗਵਾਨ ਕ੍ਰਿਸ਼ਨ ਨੇ ਗੀਤਾ ਵਿਚ ਸ੍ਰੋਵਰਾਂ ਵਿਚੋਂ ਸਾਗਰ ਮੈਂ ਹਾਂ ਐਸਾ ਕਿਹਾ ਹੈ ਓਸ ਵਿਚੋਂ ਤਾਂ ਬਿਖਿਆ ਜ਼ਹਿਰ ਪ੍ਰਗਟ ਹੋਈ ਅਤੇ ਸਰਪ ਦੇ ਮੱਥੇ ਵਿਖੇ ਮਣੀ ਦਾ ਉਦੈ ਪ੍ਰਗਟ ਹੋਣਾ ਵੀਚਾਰੀਦਾ ਹੈ।

ਬਰਨ ਸਥਾਨ ਲਘੁ ਦੀਰਘ ਜਤਨ ਪਰੈ ਅਕਥ ਕਥਾ ਬਿਨੋਦ ਬਿਸਮ ਨ ਜਾਨੀਐ ।੪੦੭।

ਬਰਨ ਬ੍ਰਾਹਮਣ ਖ੍ਯਤੀ, ਵੈਸ਼੍ਯ; ਸੂਦਰ ਚਾਰੋਂ ਬਰਨਾਂ ਤੇ ਸਥਾਨ ਆਸ਼ਰਮ = ਬ੍ਰਹਮਚਰ੍ਯ; ਗ੍ਰਹਸਥ; ਬਾਨਪ੍ਰਸਥ; ਸੰਨ੍ਯਸਥ ਚਾਰੇ ਆਸ਼੍ਰਮਾਂ ਵਿਖੇ ਛੋਟਿਆਂ ਵਡਿਆਂ ਦਾ ਜਤਨ ਜੋੜ ਮੇਲਾ ਕਰੀਦਾ ਹੈ ਭਾਵ ਨੀਚਾਂ ਦੇ ਊਚ ਤੇ ਉੂਚਾਂ ਦੇ ਨੀਚ ਏਕੂੰ ਦਾ ਸਮਾਗਮ ਵਰਤਦਾ ਦੇਖੀਦਾ ਹੈ; ਜੋ ਇਸ ਗੱਲ ਦਾ ਸੂਚਕ ਹੈ ਕਿ ਇਹ ਵਾਹਗੁਰੂ ਦੇ ਘਰ ਦੀ ਕਥਾ ਅਕੱਥ ਸਰੂਪ ਹੈ; ਤੇ ਓਸ ਦਾ ਬਿਨੋਦ ਚੋਜ ਹੈ ਹਰਾਨ ਕਰਣਹਾਰਾ ਜੋ ਨਹੀਂ ਜਾਣ੍ਯਾ ਜਾ ਸਕਦਾ। ਅਥਵਾ ਬਰਨ ਸਥਾਨ = ਅਖ੍ਯਰਾਂ ਦੇ ਟਿਕਾਣੇ ਬਚਨ ਬਿਲਾਸ ਵਿਖੇ ਸੰਸਾਰ ਅੰਦਰ ਲਘੂ ਅਰੁ ਦੀਰਘ ਵਡੇ ਛੋਟੇ ਦਾ ਹੀ ਜਤਨ ਜੋੜ ਕਰੀਦਾ ਹੈ; ਪ੍ਰੰਤੂ ਅਕਥ ਕਥਾ ਦਾ ਕੌਤਕ ਜੋ ਬਿਸਮਾਦ ਰੂਪ ਹੈ ਜਾਨਣ ਵਿਚ ਨਹੀਂ ਆ ਸਕਦਾ ਭਾਵ ਸ਼ਾਸਤ੍ਰਾਂ ਤੋਂ ਵਾਹਗੁਰੂ ਦੇ ਘਰ ਦਾ ਪੂਰਨ ਬੋਧ ਅਗੰਮ ਰੂਪ ਹੈ ॥੪੦੭॥


Flag Counter