ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 245


ਲੋਚਨ ਸ੍ਰਵਨ ਮੁਖ ਨਾਸਕਾ ਹਸਤ ਪਗ ਚਿਹਨ ਅਨੇਕ ਮਨ ਮੇਕ ਜੈਸੇ ਜਾਨੀਐ ।

ਨੇਤ੍ਰ, ਕੰਨ, ਮੂੰਹ ਰਸਨਾ, ਨਾਸਾਂ, ਹੱਥ ਤਥਾ ਪੈਰ ਆਦਿਕ ਚਿਹਨ ਅੰਗ ਅਨੇਕਾਂ ਹੀ ਹਨ ਪ੍ਰੰਤੂ ਮਨ ਏਨਾਂ ਅਨੇਕਾਂ ਵਿਚ ਜੀਕੂੰ ਇਕੋ ਹੀ ਮਿਲਿਆ ਹੋਇਆ ਜਾਣੀਦਾ ਹੈ।

ਅੰਗ ਅੰਗ ਪੁਸਟ ਤੁਸਟਮਾਨ ਹੋਤ ਜੈਸੇ ਏਕ ਮੁਖ ਸ੍ਵਾਦ ਰਸ ਅਰਪਤ ਮਾਨੀਐ ।

ਅੰਗ ਅੰਗ ਹਰ ਇਕ ਅੰਗ ਹੀ ਸਰੀਰ ਦਾ ਪੁਸ਼ਟ ਪੀਡਾ ਪੱਕਾ ਗੰਢਿਆ ਹੋਇਆ ਬਣ ਜਾਂਦਾ ਅਤੇ ਤੁਸ਼ਟਮਾਨ ਪ੍ਰਸੰਨ ਪ੍ਰਫੁਲਤ ਫੁਲਾਰਦਾਰ ਹੋ ਜਾਂਦਾ ਹੈ। ਜਿਸ ਪ੍ਰਕਾਰ ਇਕੋ ਹੀ ਮੂੰਹ ਵਿਚ ਸ੍ਵਾਦੀਕ ਰਸਾਂ ਪਦਾਰਥਾਂ ਦੇ ਆਣ ਅਰਪਿਆਂ। ਇਕ ਦੇ ਅਧੀਨ ਐਕੂੰ ਠਾਠ ਨਿਭਦਾ ਹੈ।

ਮੂਲ ਏਕ ਸਾਖਾ ਪਰਮਾਖਾ ਜਲ ਜਿਉ ਅਨੇਕ ਬ੍ਰਹਮ ਬਿਬੇਕ ਜਾਵਦੇਕਿ ਉਰ ਆਨੀਐ ।

ਜਿਉ ਜਿਸ ਭਾਂਤ ਇਕ ਮੁੱਢ ਨੂੰ ਜਲ ਦਿੱਤਿਆਂ ਅਨੇਕਾਂ ਹੀ ਸ਼ਾਖ਼ਾਂ ਟਾਹਣਾਂ ਤੇ ਪਰਸ਼ਾਖ਼ਾਂ ਟਾਹਣੀਆਂ ਨੂੰ ਸੁਤੇ ਹੀ ਪੁਜ ਜਾਇਆ ਕਰਦਾ ਹੈ। ਐਸਾ ਹੀ ਜਾਵਦੇਕ ਜਿਥੋਂ ਪ੍ਰਯੰਤ ਭੀ ਕੁਛ ਪਸਾਰਾ ਪ੍ਰਪੰਚ ਦਾ ਦ੍ਰਿਸ਼ਟ ਆ ਰਿਹਾ ਹੈ, ਇਕ ਬ੍ਰਹਮ ਹੀ ਬਿਬੇਕ ਬਿਬ ਦ੍ਵੈਤ ਅਨੇਕਤਾ ਵਿਚ ਇਕ ਮਾਤ੍ਰ ਪ੍ਰੀਪੂਰਣ ਹਿਰਦੇ ਅੰਦਰ ਸਮਝੋ।

ਗੁਰਮੁਖਿ ਦਰਪਨ ਦੇਖੀਆਤ ਆਪਾ ਆਪੁ ਆਤਮ ਅਵੇਸ ਪਰਮਾਤਮ ਗਿਆਨੀਐ ।੨੪੫।

ਗੁਰਮੁਖ ਪੁਰਖ ਆਤਮੇ ਆਪੇ ਵਿਚ ਅਵੇਸ ਪਾ ਕੇ ਲਿਵ ਲੀਨ ਹੈ ਆਪੇ ਮਾਤ੍ਰ ਦਾ ਪਰਤੋ ਸ਼ੀਸ਼ੇ ਅੰਦਰ ਦੇਖਦਾ ਹੋਯਾ ਜ੍ਯੋਂ ਕਾ ਤ੍ਯੋਂ ਇਕ ਮਾਤ੍ਰ ਪਰਮਾਤਮਾ ਨੂੰ ਹੀ ਗਿਆਨੀਐ ਜਾਣਿਆ ਤੱਕਿਆ ਕਰਦਾ ਹੈ ॥੨੪੫॥


Flag Counter