ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 114


ਬਿਥਾਵੰਤੇ ਬੈਦ ਰੂਪ ਜਾਚਿਕ ਦਾਤਾਰ ਗਤਿ ਗਾਹਕੈ ਬਿਆਪਾਰੀ ਹੋਇ ਮਾਤ ਪਿਤਾ ਪੂਤ ਕਉ ।

ਬ੍ਯਥਾਵੰਤੈ ਬੈਦ ਰੂਪ ਕੋਈ ਰੋਗੀ ਪੀੜਿਤ ਪੁਰਖ ਦੁਖ੍ਯਾਰਾ ਮਿਲੇ ਤਾਂ ਬੈਦਾਂ ਵਤ ਓਸ ਦੇ ਦੁੱਖ ਨਿਵਿਰਤੀ ਦੇ ਉਪਰਾਲੇ ਵਿਚ ਜੁੱਟ ਪੈਂਦੇ ਹਨ, ਤੇ ਜੇਕਰ ਜਾਚਿਕ ਮੰਗਤਾ ਲੋੜਵੰਦ ਸਨਮੁੱਖ ਆ ਜਾਂਦਾ ਹੈ ਤਾਂ ਦਾਤਾਰ ਗਤਿ ਦਾਤਿਆਂ ਵਾਲੀ ਚਾਲ ਧਾਰ ਕੇ ਓਸ ਨੂੰ ਪ੍ਰਸੰਨ ਕਰਦੇ ਹਨ। ਪਰ ਜੇ ਕੋਈ ਗਾਹਕ ਖ੍ਰੀਦਾਰ ਔਂਦਾ ਹੈ ਤਾਂ ਗਾਹਕੈ ਬ੍ਯਾਪਾਰੀ ਹੋਇ ਓਸ ਗਾਹਕ ਸੌਦਾ ਖਰੀਦੂ ਜਿਗ੍ਯਾਸੂ ਨੂੰ ਵਪਾਰੀ ਓਸ ਦੀ ਇੱਛਾ ਅਨੁਸਾਰ ਦੀਨ ਦੁਨੀਆਂ ਸੰਬਧੀ ਵਪਾਰ ਦੇ ਕਰਣ ਹਾਰੇ ਸੌਦਾਗਰ ਬਣਾ ਦਿਖਂਦੇ ਹਨ, ਅਤੇ ਪੁਤ੍ਰ ਧੀਆਂ ਆਦਿ ਪਰਵਾਰ ਕਉ ਤਾਂਈ ਮਾਤਾ ਪਿਤਾ ਮਾਪਿਆਂ ਵਤ ਹੀ ਲਡੌਂਦੇ ਹਨ।

ਨਾਰ ਭਿਰਤਾਰ ਬਿਧਿ ਮਿਤ੍ਰ ਮਿਤ੍ਰਤਾਈ ਰੂਪ ਸੁਜਨ ਕੁਟੰਬ ਸਖਾ ਭਾਇ ਚਾਇ ਸੂਤ ਕਉ ।

ਗ੍ਰਿਸਤੀ ਹਨ ਤਾਂ ਨਾਰ ਭਰਤਾਰ ਬਿਧਿ ਇਸਤ੍ਰੀ ਨਾਲ ਪਤੀ ਵਾਕੂੰ ਹੀ ਵਰਤਦੇ ਹਨ, ਤੇ ਮਿਤ੍ਰ ਮਿਤ੍ਰਾਈ ਰੂਪ ਮਿਤ੍ਰਾਈ ਮਿਤ੍ਰਾਨੇ ਵਾਲੇ ਨੂੰ ਮਿਤ੍ਰ ਰੂਪ ਅਤੇ ਸੁਜਨ ਕੁਟੰਬ ਸਖਾ ਭਾਇ ਅਪਣੇ ਸਬੰਧੀਆਂ, ਕੋੜਮੇ ਸਾਕ ਸੈਨ ਤਥਾ ਭਾਈਆਂ ਆਦਿ ਨੂੰ ਜੇਹੋ ਜੇਹੇ ਭਾਵ ਵਾਲਾ ਹੋ ਕੇ ਕੋਈ ਸਨਮੁਖ ਔਂਦਾ ਹੈ ਓਨ੍ਹਾਂ ਨੂੰ ਓਹੋ ਓਹੋ ਜੇਹੇ ਚਾਇ ਸੂਤ ਕਉ ਚਾਉ ਚਾਹਨਾ ਹਾਉ ਭਾਉ ਨੂੰ ਸੂਤ ਵ੍ਯੋਂਤ ਨੂੰ ਵ੍ਯੋਂਤ ਕੇ ਮਿਲਿਆ ਕਰਦੇ ਹਨ।

ਲੋਗਨ ਮੈ ਲੋਗਾਚਾਰ ਬੇਦ ਕੈ ਬੇਦ ਬੀਚਾਰ ਗਿਆਨ ਗੁਰ ਏਕੰਕਾਰ ਅਵਧੂਤ ਅਵਧੂਤ ਕਉ ।

ਗੱਲ ਕੀਹ ਕਿ ਲੋਕਾਂ ਵਿਚ ਤਾਂ ਮਿਲ ਕੇ ਲੋਕਾਚਾਰ ਲੋਕ ਮ੍ਰਯਾਦਾ ਵਤ ਵਰਤਦੇ ਹਨ ਤੇ ਬੇਦ ਕੇ ਬੇਦ ਬੀਚਾਰ ਬੇਦ ਬਿਚਾਰ ਵਾਲ੍ਯਾਂ ਵਿਖੇ ਬੇਦ ਬੀਚਾਰੀਆਂ ਵਤ, ਪਰ ਜੇ ਕੋਈ ਅਵਧੂਤ ਵਿਰਕਤ ਆਤਮਾ ਸਾਧੂ ਸੰਤ ਆਣ ਮਿਲਣ ਤਾਂ ਗਿਆਨ ਗੁਰ ਏਕੰਕਾਰ ਅਵਧੂਤ ਅਵਧੂਤ ਕਉ ਵਿਰਕਤ ਪੁਰਖ ਨੂੰ ਗੁਰੂ ਸੁੱਧ ਸਰੂਪ ਏਕੰਕਾਰ ਦੇ ਗਿਆਨ ਸਰੂਪ ਅਵਧੂਤ ਵਿਰਕਤ ਹੋ ਮਿਲਦੇ ਹਨ।

ਬਿਰਲੋ ਬਿਬੇਕੀ ਜਨ ਪਰਉਪਕਾਰ ਹੇਤਿ ਮਿਲਤ ਸਲਿਲ ਗਤਿ ਰੰਗ ਸ੍ਰਬੰਗ ਭੂਤ ਕਉ ।੧੧੪।

ਹਾਂ! ਐਹੋ ਜੇਹੇ ਬਿਬੇਕ ਜਨ ਹੈਨ ਵਿਰਲੇ, ਜੋ ਪਰਉਪਕਾਰ ਦੀ ਖਾਤਰ ਸਭ ਨੂੰ ਪ੍ਰਸੰਨ ਮਨ ਬਨਾਣ ਖਾਤਰ ਸ੍ਰਬੰਗ ਭੂਤ ਕਉ ਸਮੂਹ ਪ੍ਰਾਣੀ ਮਾਤ੍ਰ ਨੂੰ ਹੀ ਮਿਲਤ ਸਲਿਲ ਗਤਿ ਜਲ ਵਾਲੇ ਸਰਬ ਰੰਗੀ ਹੋ ਜਾਣ ਵਾਲ ਸੁਭਾਵ ਵਤ ਸੁਭਾਵ ਨੂੰ ਧਾਰ ਮਿਲ੍ਯਾ ਕਰਦੇ ਹਨ ਅਥਵਾ ਸਮੂਹ ਜਾਤਾਂ ਦੇ ਲੋਕਾਂ ਨੂੰ ਜਲ ਦੇ ਤ੍ਰਿਖਾ ਬੁਝਾਣ ਵਾਲੇ ਸੁਭਾਵ ਵਤ ਇਕ ਸਮਾਨ ਹੀ ਤ੍ਰਿਸ਼ਨਾ ਰਹਿਤ ਸ਼ਾਂਤ ਪਦ ਪ੍ਰਾਪਤ ਬਨਾਉਣ ਦਾ ਜਤਨ ਕਰਦੇ ਹਨ ॥੧੧੪॥


Flag Counter