ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 274


ਰਚਨਾ ਚਰਿਤ੍ਰ ਚਿਤ੍ਰ ਬਿਸਮ ਬਚਿਤ੍ਰਪਨ ਏਕ ਚੀਟੀ ਕੋ ਚਰਿਤ੍ਰ ਕਹਤ ਨ ਆਵਹੀ ।

ਜਿਸ ਸਿਰਜਨ ਹਾਰ ਦੀ ਰਚਨਾ ਦੇ ਚਲਿਤ੍ਰ ਦਾ ਚਿਤ੍ਰ ਇਕ ਸੂਖਮ ਜਿਹਾ ਜੰਤੂ ਕੀੜੀ ਹੈ, ਜਿਸ ਵਿਖੇ ਬਿਸਮਾਦ ਨੂੰ ਪ੍ਰਾਪਤ ਕਰਣ ਹਾਰਾ ਐਸਾ ਅਚਰਜ ਪਨਾਂ ਹੈ ਜੋ ਮਾਨੋ ਅੰਦਰੋਂ ਬਾਹਰੋਂ ਭੌਚਕ ਵਿਚ ਪੌਣ ਹਾਰਾ ਹੈ ਐਹੋ ਜਿਹਾ ਕਿ ਓਸ ਦੇ ਚਲਿਤ੍ਰ = ਚੇਸ਼ਟਾ ਵਾ ਕਾਰਨਾਮਿਆਂ ਦੀ ਬਿਵਸਥਾ ਵ੍ਯੋਂਤ ਕਹਿਣ ਵਿਚ ਨਹੀਂ ਆ ਸਕਦੀ।

ਪ੍ਰਥਮ ਹੀ ਚੀਟੀ ਕੇ ਮਿਲਾਪ ਕੋ ਪ੍ਰਤਾਪ ਦੇਖੋ ਸਹਸ ਅਨੇਕ ਏਕ ਬਿਲ ਮੈ ਸਮਾਵਹੀ ।

ਪਹਿਲ ਪ੍ਰਥਮੇ ਤਾਂ ਇਸ ਕੀੜੀ ਦੇ ਮਿਲਾਪ ਦਾ ਪ੍ਰਭਾਵ ਮਹਿਮਾ ਮਹੱਤ ਦੇਖੋ ਕਿ ਕਿਸ ਭਾਂਤ ਇਕੋ ਹੀ ਖੁੱਡ ਦੇ ਅੰਦਰ ਸਹਸ ਅਨੇਕ ਅਸੰਖ੍ਯਾਤ ਅਨਗਿਣਤ ਹੀ ਹੁੰਦੀਆਂ ਹੋਈਆਂ ਸਭ ਦੀਆਂ ਸਭ ਹੀ ਸਮਾ ਧਸ ਜਾਇਆ ਕਰਦੀਆਂ ਹਨ।

ਅਗ੍ਰਭਾਗੀ ਪਾਛੈ ਏਕੈ ਮਾਰਗ ਚਲਤ ਜਾਤ ਪਾਵਤ ਮਿਠਾਸ ਬਾਸੁ ਤਹੀ ਮਿਲਿ ਧਾਵਈ ।

ਫੇਰ ਜੱਥੇਬੰਦੀ ਏਨਾਂ ਦੀ ਤੱਕੋ ਕਿ ਅਗ੍ਰਭਾਗੀ ਜੱਥੇਦਾਰ ਅਗਵਾਨ ਕੀੜੀ ਦੇ ਪਿਛੇ ਪਿਛੇ ਠੀਕ ਇਕੋ ਹੀ ਰਾਹ ਲੀਹ ਸਿਰ ਤੀਆਂ ਜਾਂਦੀਆਂ ਹਨ, ਅਰੁ ਸੁੰਘਨ ਦੀ ਸਮਰੱਥਾ ਭੀ ਵੀਚਾਰੋ ਕਿ ਜਿਥੋਂ ਕਿਤੋਂ ਮਿਠੇ ਦੀ ਸੁਗੰਧੀ ਬੂ ਨੂੰ ਭੀ ਪੌਂਦੀਆਂ ਲਖਦੀਆਂ ਹਨ, ਓਧਰ ਨੂੰ ਹੀ ਮਿਲ ਕੇ ਦੌੜ ਪੈਂਦੀਆਂ ਹਨ।

ਭ੍ਰਿੰਗੀ ਮਿਲਿ ਤਾਤਕਾਲ ਭ੍ਰਿੰਗੀ ਰੂਪ ਹੁਇ ਦਿਖਾਵੈ ਚੀਟੀ ਚੀਟੀ ਚਿਤ੍ਰ ਅਲਖ ਚਿਤੇਰੈ ਕਤ ਪਾਵਹੀ ।੨੭੪।

ਆਪਾ ਅਰਪਣ ਦਾ ਹੋਰ ਭੀ ਇਸ ਵਿਚ ਅਪੂਰਬ ਬਲ ਹੈ ਕਿ ਭ੍ਰਿੰਗੀ ਭੌਰੇ ਦੀ ਜਾਤ ਦਾ ਜੋ ਇਕ ਕਾਲਾ ਜਿਹਾ ਭੂੰਡ ਹੁੰਦਾ ਹੈ ਜੇ ਉਹ ਮਿਲ ਪਵੇ ਸੂ, ਤਾਂ ਤਤਕਾਲ ਝੱਟ ਹੀ ਓਸੇ ਦਾ ਰੂਪ ਹੀ ਬਣ ਦਿਖੌਂਦੀ ਹੈ। ਐਸਾ ਓਸ ਵਾਹਿਗੁਰੂ ਦਾ ਜੋ ਇਕ ਕੀੜੀ ਰੂਪ ਦਾ ਚਿਤ੍ਰ ਬੁੱਤ ਖਿਚਿਆ ਤ੍ਯਾਹਰ ਕੀਤਾ ਹੋਯਾ ਹੈ, ਉਹ ਜਦ ਅਲਖ ਸਮਝਨੋਂ ਬੁਝਨੋਂ ਪਾਰ ਹੈ, ਤਾਂ ਭਲਾ ਓਸ ਦੇ ਆਪਣੇ ਵਿਚ ਅਭੇਦ ਕੀਤੇ ਗੁਰਮੁਖ ਦੀ ਮਹਿਮਾ ਕਾਰਣ ਓਸ ਦੇ ਓੜਕ ਨੂੰ ਕਿਸ ਤਰ੍ਹਾਂ ਪਾਯਾ ਜਾ ਸਕੇ ਭਾਵ, ਗੁਰਮੁਖ ਦੀ ਮਹਿਮਾ ਸਾਖ੍ਯਾਤ ਓਸੇ ਦੀ ਹੀ ਬ੍ਯੰਤ ਮਹਿਮਾ ਹੈ ॥੨੭੪॥