ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 313


ਅੰਤਰ ਅਛਿਤ ਹੀ ਦਿਸੰਤਰਿ ਗਵਨ ਕਰੈ ਪਾਛੈ ਪਰੇ ਪਹੁਚੈ ਨ ਪਾਇਕੁ ਜਉ ਧਾਵਈ ।

ਅੰਦਰ ਅੰਤਾਕਰਣ ਵਿਖੇ ਅਛਤ ਹੀ = ਵਰਤਮਾਨ ਇਸਥਿਤ ਰਹਿੰਦਿਆਂ ਸੰਦਿਆਂ ਵੀ ਮਨ ਦੇਸਾਂ ਦਿਸਾਂਤਰਾਂ ਨੂੰ ਗਵਨ ਕਰ ਜਾਂਦਾ ਹੈ, ਜੇਕਰ ਪਾਇਕ = ਪ੍ਯਾਦਾ = ਹਲਕਾਰਾ ਸ਼ੀਘਰ ਗਾਮੀ ਸੇਵਕ ਭੀ ਕੋਈ ਇਸ ਦਾ ਪਿੱਛਾ ਕਰਦਾ ਹੋਇਆ ਪਿੱਛੈ ਪੈ ਦੌੜੇ, ਤਾਂ 'ਪਹੁੰਚੈ ਨ' ਇਸ ਨੂੰ ਨਹੀਂ ਪੁਗ ਸਕਦਾ।

ਪਹੁਚੈ ਨ ਰਥੁ ਪਹੁਚੈ ਨ ਗਜਰਾਜੁ ਬਾਜੁ ਪਹੁਚੈ ਨ ਖਗ ਮ੍ਰਿਗ ਫਾਂਧਤ ਉਡਾਵਈ ।

ਪੁਸ਼ਪਕ ਬਿਬਾਨ ਜੇਹੇ ਯਾ ਇੰਦ੍ਰ ਵਰਗਿਆਂ ਦੇ ਉਡਾਰੂ ਰਥ ਇਸ ਦੇ ਬ੍ਰੋਬਰ ਨਹੀਂ ਪਹੁੰਚ ਸਕਦੇ, ਐਸੇ ਹੀ ਐਰਾਵਤ ਵਰਗੇ ਹਾਥੀ ਰਾਜ ਅਥਵਾ ਭੂਰੀਸ਼੍ਰਵਾ ਸਮਾਨ ਘੋੜਿਆਂ ਦੇ ਸ਼ਿਰੋਮਣੀ ਬਾਜਰਾਜ ਭੀ ਇਸ ਨੂੰ ਨਹੀਂ ਪੁਗ ਸਕਦੇ। ਅਰੁ ਪੰਛੀ ਉਡਾਰੀਆਂ ਮਾਰਦੇ ਹੋਏ ਇਸ ਨੂੰ ਨਹੀਂ ਪੁਜ ਸਕਦੇ ਅਤੇ ਮਿਗ ਕਈ ਕਈ ਗਜਾਂ ਦੀਆਂ ਕੁਦਾੜੀਆਂ ਮਾਰਦੇ ਹੋਏ ਇਸ ਦੀ ਬ੍ਰਾਬਰੀ ਨਹੀਂ ਕਰ ਸਕਦੇ।

ਪਹੁਚੈ ਨ ਪਵਨ ਗਵਨ ਤ੍ਰਿਭਵਨ ਪ੍ਰਤਿ ਅਰਧ ਉਰਧ ਅੰਤਰੀਛ ਹੁਇ ਨ ਪਾਵਈ ।

ਪਹੁੰਚ ਨਹੀਂ ਸਕਦਾ ਪੌਣ ਭੀ ਇਸ ਨੂੰ ਜਿਸ ਦਾ ਗਵਨ ਚਲਨ ਦੀ ਸਮਰੱਥਾ ਤਿੰਨਾਂ ਭੁਵਨਾਂ ਪ੍ਰਯੰਤ ਹੈ, ਅਰਧ ਪਾਤਾਲ ਗਾਮੀ ਹੋ ਕੇ ਉਰਧ ਆਕਾਸ਼ ਗਾਮੀ ਹੋ ਕੇ ਤਥਾ ਅੰਤਰੀਛ = ਅੰਤ੍ਰਾਲਿਕ ਮੰਡਲ ਵਿਖੇ ਭੀ ਗਮਨ ਕਰਨ ਵਾਲਾ ਹੋ ਕੇ ਨਹੀਂ ਹੀ ਇਸ ਮਨ ਨੂੰ ਪ੍ਰਾਪਤ ਹੋ ਫੜ ਸਕਦਾ।

ਪੰਚ ਦੂਤ ਭੂਤ ਲਗਿ ਅਧਮੁ ਅਸਾਧੁ ਮਨੁ ਗਹੇ ਗੁਰ ਗਿਆਨ ਸਾਧਸੰਗਿ ਬਸਿ ਆਵਈ ।੩੧੩।

ਪੰਜੇ ਕਾਮ ਕ੍ਰੋਧ ਆਦਿ ਦੂਤ ਦੁਸ਼ਟ ਭੂਤਨੇ ਜਿਸ ਨੂੰ ਲਗਿ = ਲਗੇ ਚੰਬੜੇ ਹੋਏ ਹਨ, ਅਰਥਾਤ ਜਿਸ ਦੇ ਸਦਾ ਦੇ ਲਾਗੂ ਹਨ, ਉਹ ਐਸਾ ਅਧਮ ਨੀਚ ਅਸਾਧ ਨਾ ਸਾਧਿਆ ਜਾ ਸਕਨ ਵਾਲਾ ਮਨ, ਸਾਧ ਸੰਗਤ ਦ੍ਵਾਰੇ ਗੁਰੂਗਿਆਨ ਗੁਰੂ ਮਹਾਰਾਜ ਦੇ ਉਪਦੇਸ਼ੇ ਸਿਧਾਂਤ ਨੂੰ ਪ੍ਰਾਪਤ ਹੋ ਕੇ ਗਹੇ ਫੜੀਏ ਕਾਬੂ ਕਰਨ ਦਾ ਜਤਨ ਕਰੀਏ ਤਾਂ ਹੀ ਜਾਕ ਵੱਸ ਔਂਦਾ ਹੈ ॥੩੧੩॥


Flag Counter