ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 382


ਬਿਆਹ ਸਮੈ ਜੈਸੇ ਦੁਹੂੰ ਓਰ ਗਾਈਅਤਿ ਗੀਤ ਏਕੈ ਹੁਇ ਲਭਤਿ ਏਕੈ ਹਾਨਿ ਕਾਨਿ ਜਾਨੀਐ ।

ਵਿਆਹ ਦੇ ਸਮੇਂ ਜਿਸ ਤਰ੍ਹਾਂ ਦੋਹੀਂ ਪਾਸੀਂ ਹੀ ਧੇਤਿਆਂ ਪੁਤੇਤਿਆਂ ਦੇ ਘਰੀਂ ਗੀਤ ਗੌਣ ਗਾਂਵੇ ਜਾਂਦੇ ਹਨ, ਪਰ ਫਲ ਓਸ ਗੌਣੇ ਦਾ ਦੁਵੱਲੀਂ ਹੀ ਨ੍ਯਾਰਾ ਨ੍ਯਾਰਾ ਮਿਲਦਾ ਹੈ ਇਕਨਾਂ ਪੁਤੇਤਿਆਂ ਨੂੰ ਤਾਂ ਲਭਤਿ ਲਾਭ ਦੀ ਪ੍ਰਾਪਤੀ ਹੁੰਦੀ ਹੈ ਤੇ ਇਕਨਾਂ ਨੂੰ, ਧੇਤਿਆਂ ਨੂੰ ਧੀ ਦੇਣ ਦੀ ਕਾਨ ਕਾਰਣ ਹਾਨਿ ਹੇਠੀ ਸਮਝੀ ਜਾਯਾ ਕਰਦੀ ਹੈ।

ਦੁਹੂੰ ਦਲ ਬਿਖੈ ਜੈਸੇ ਬਾਜਤ ਨੀਸਾਨ ਤਾਨ ਕਾਹੂ ਕਉ ਜੈ ਕਾਹੂ ਕਉ ਪਰਾਜੈ ਪਹਿਚਾਨੀਐ ।

ਦੋਹਾਂ ਦਲਾਂ ਪਾਤਿਸ਼ਾਹੀ ਸੈਨਾ ਵਿਖੇ ਜਿਸ ਤਰ੍ਹਾਂ ਤਾੜ ਤਾੜ ਵਾ ਕੱਸ ਕੱਸ ਕੇ ਨਿਸ਼ਾਨ ਨਗਾਰੇ ਵੱਜਦੇ ਹਨ ਪਰ ਕਿਸੇ ਪਾਤਸ਼ਾਹ ਨੂੰ ਤਾਂ ਜਿੱਤ ਹੁੰਦੀ ਹੈ ਤੇ ਕਿਸੇ ਨੂੰ ਹਾਰ ਪਛਾਣੀਦੀ ਹੈ।

ਜੈਸੇ ਦੁਹੂੰ ਕੂਲਿ ਸਰਿਤਾ ਮੈ ਭਰਿ ਨਾਉ ਚਲੈ

ਕੋਊ ਮਾਝਿਧਾਰਿ ਕੋਊ ਪਾਰਿ ਪਰਵਾਨੀਐ

ਜਿਸ ਤਰ੍ਹਾਂ ਨਦੀ ਦੇ ਦੋਹਾਂ ਹੀ ਕਿਨਾਰਿਆਂ ਵਿਖੇ ਬੇੜੀਆਂ ਪੂਰ ਭਰ ਭਰ ਕੇ ਚਲ੍ਯਾ ਕਰਦੀਆਂ ਹਨ ਪਰ ਕੋਈ ਮੰਝਧਾਰਿ ਅੱਧ ਵਿਚਾਲੇ ਹੀ ਰਹਿ ਜਾਂਦੀ ਹੈ ਤੇ ਕੋਈ ਪਾਰ ਭੀ ਪਾ ਪਿਆ ਕਰਦੀ ਹੈ ਅਰਥਾਤ ਕੋਈ ਧੀਮੀਆਂ ਚੱਲ ਕੇ ਅਜੇ ਅੱਧ ਵਿਚਾਲੇ ਹੀ ਹੁੰਦੀਆਂ ਯਾ ਡੁਬ ਜਾਂਦੀਆਂ ਹਨ, ਤੇ ਕੋਈ ਨਿਰਵਿਘਨ ਪਾਰ ਜਾ ਲਗਿਆ ਕਰਦੀਆਂ ਹਨ।

ਧਰਮ ਅਧਰਮ ਕਰਮ ਕੈ ਅਸਾਧ ਸਾਧ ਊਚ ਨੀਚ ਪਦਵੀ ਪ੍ਰਸਿਧ ਉਨਮਾਨੀਐ ।੩੮੨।

ਇਸੇ ਤਰ੍ਹਾਂ ਹੀ ਧਰਮ ਰੂਪ ਸ਼ੁਭ ਕਮਾਈ ਕਰ ਕੇ ਸਾਧ ਭਲੇ ਪੁਰਖ ਗੁਰਮੁਖ ਤਾਂ ਊਚ ਪਦਵੀ ਨੂੰ ਪ੍ਰਾਪਤ ਹੋਯਾ ਕਰਦੇ ਹਨ, ਅਤੇ ਅਧਰਮ ਰੂਪ ਅਸ਼ੁਭ ਕਮਾਈ ਕਰ ਕੇ ਅਸਾਧ ਮਨਮੁਖ ਲੋਕ ਨੀਚ ਪਦਵੀ ਨੂੰ ਪਾਇਆ ਕਰਦੇ ਹਨ, ਇਹ ਪ੍ਰਸਿੱਧ ਵੀਚਾਰ ਸੰਸਾਰ ਅੰਦਰ ਸਭ ਕੋਈ ਹੀ ਜਾਣਦਾ ਹੈ ॥੩੮੨॥