ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 56


ਫਲ ਫੂਲ ਮੂਲ ਫਲ ਮੂਲ ਫਲ ਫਲ ਮੂਲ ਆਦਿ ਪਰਮਾਦਿ ਅਰੁ ਅੰਤ ਕੈ ਅਨੰਤ ਹੈ ।

ਜਿਸ ਤਰ੍ਹਾਂ ਫਲ ਮੂਲ ਕਾਰਣ ਬੀਜ ਤੋਂ ਪ੍ਰਗਟ ਹੋ ਆਪ ਮੂਲ ਰੂਪ ਬਣ ਕੇ ਫਲ ਨੂੰ ਉਤਪੰਨ ਕਰਦਾ ਹੈ, ਤੇ ਉਹੀ ਫਲ ਅੱਗੇ ਫੇਰ ਮੂਲ ਰੂਪ ਹੋ ਕੇ ਫਲ ਨੂੰ ਪ੍ਰਗਟਾਇਆ ਕਰਦਾ ਹੈ, ਅਤੇ ਇਉਂ ਫਲ ਮੂਲ ਦੇ ਸਿਲਸਿਲੇ ਦੀ ਆਦਿ ਆਰੰਭ ਪਰਮਾਦਿ ਆਦਿ ਤੋਂ ਪਰੇ ਹੈ ਭਾਵ ਇਹ ਸਿਲਸਿਲਾ ਇੰਞੇਂ ਹੀ ਅਨਾਦੀ ਰੂਪ ਹੈ ਅਰੁ ਐਸਾ ਹੀ ਅੰਤ ਵੱਲੋਂ ਭੀ ਅਨੰਤ ਹੈ।

ਪਿਤ ਸੁਤ ਸੁਤ ਪਿਤ ਸੁਤ ਪਿਤ ਪਿਤ ਸੁਤ ਉਤਪਤਿ ਗਤਿ ਅਤਿ ਗੂੜ ਮੂਲ ਮੰਤ ਹੈ ।

ਇਸੇ ਪ੍ਰਕਾਰ ਜਿਸ ਤਰ੍ਹਾਂ ਪਿਤਾ ਤੋਂ ਪੁਤ੍ਰ ਉਤਪੰਨ ਹੁੰਦਾ ਹੈ ਤੇ ਪੁਤ੍ਰ ਅੱਗੇ ਫੇਰ ਪਿਤਾ ਬਣ ਕੇ ਪੁਤ੍ਰ ਉਪਜੌਂਦਾਂ ਹੈ ਅਤੇ ਓਹ ਪੁਤ੍ਰ ਮੁੜ ਪਿਤਾ ਬਣਦਾ ਅਰੁ ਇਸੇ ਤਰ੍ਹਾਂ ਪਿਤਾ ਪੁਤ੍ਰ ਦੀ ਉਤਪਤੀ ਦੇ ਸਿਲਸਿਲੇ ਦੀ ਗਤੀ ਦਾ ਮੂਲ ਮੰਤ੍ਰ ਹੀਲ ਪ੍ਯਾਜ਼ = ਨਿਰਣਾ ਅਤਿ ਗੂੜ ਅਤ੍ਯੰਤ ਗੁਝੇ ਮਰਮ ਵਾਲਾ ਹੈ।

ਪਥਿਕ ਬਸੇਰਾ ਕੋ ਨਿਬੇਰਾ ਜਿਉ ਨਿਕਸਿ ਬੈਠ ਇਤ ਉਤ ਵਾਰ ਪਾਰ ਸਰਿਤਾ ਸਿਧਤ ਹੈ ।

ਇੰਜੇ ਹੀ ਜਿਸ ਭਾਂਤ ਪਥਿਕ ਰਾਹੀਆਂ ਮੁਸਾਫਰਾਂ ਦੇ ਬਸੇਰੇ ਟਿਕਾਣਾ ਵਿਸ਼੍ਰਾਮ ਦਾ ਨਿਬੇਰਾ ਫੈਸਲਾ ਨਿਰਣਾ ਹੁੰਦਾ ਹੈ, ਕਿ ਕਦੀ ਨੌਕਾ ਵਿਚੋਂ ਨਿਕਲਕੇ ਉਤ ਓਸ ਕਿਨਾਰੇ ਸਰਿਤਾ ਨਦੀ ਦੋਂਪਾਰ ਸਿਧੰਤ ਸਿਧਾਰਦੇ ਹਨ ਤੇ ਕਦੀ ਇਤ ਇਸ ਵਾਰ ਉਰਾਰਲੇ ਪਾਸੇ।

ਪੂਰਨ ਬ੍ਰਹਮ ਗੁਰ ਗੋਬਿੰਦ ਗੋਬਿੰਦ ਗੁਰ ਅਬਿਗਤ ਗਤਿ ਸਿਮਰਤ ਸਿਖ ਸੰਤ ਹੈ ।੫੬।

ਬਸ ਇਸੇ ਪ੍ਰਕਾਰ ਹੀ ਫਲ ਬੀਜ ਦੀ ਅਨਾਦੀ ਅਭੇਦਤਾ ਵਤ, ਅਰ ਪਿਤਾ ਪੁਤ੍ਰ ਦੇ ਪਰਸਪਰ ਕਾਰਜ ਕਾਰਣਤਾ ਦੀ ਇਕ ਰੂਪਤਾ ਦੇ ਅਕਥ ਸਿਲਸਿਲੇ ਸਮਾਨ ਤਥਾ ਨਦੀ ਦੇ ਪਾਰ ਉਰਾਰ ਦੀ ਇਕ ਸਮਾਨਤਾ ਵਾਂਕੂੰ ਪੂਰਨ ਬ੍ਰਹਮ ਗੁਰੂ ਨਾਨਕ ਹੋ ਪ੍ਰਗਟੇ ਤੇ ਗੁਰੂ ਮੁੜ ਗੋਬਿੰਦ ਪੂਰਨ ਬਹਮ ਸਮਾਨ ਹੀ ਗੁਰੂ ਪ੍ਰਗਟਤਾ ਦੇ ਕਾਰਣ ਹੋਏ, ਤੇ ਉਹੀ ਗੋਬਿੰਦ ਭਾਵ ਪ੍ਰਾਪਤ ਗੁਰੂ ਅੱਗੇ ਫੇਰ ਗੁਰੂ ਪ੍ਰਗਟਾਨ ਦਾ ਹੇਤੂ ਹੁੰਦੇ ਆਏ ਜਿਸ ਸਿਲਸਿਲੇ ਲਗਾਤਾਰ ਉਪਰੋਥਲੀ ਦੇ ਵਰਤਾਰੇ ਦੀ ਗਤਿ ਗਿਆਤ ਬੂਝ ਅਬਿਗਤਿ ਅਬ੍ਯਕਤ ਸਪਸ਼ਟ ਹੋ ਸਕਨੋਂ ਦੂਰ ਹੈ, ਕੇਵਲ ਸਿੱਖ ਸੰਤ ਹੀ ਇਸ ਗੂੜ ਤੱਤ ਨੂੰ ਸਿਮਰੰਤ ਸਮਝਦੇ ਹਨ ॥੫੬॥


Flag Counter