ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 660


ਮਾਨਨ ਨ ਕੀਜੈ ਮਾਨ ਬਦੋ ਨ ਤੇਰੋ ਸਿਆਨ ਮੇਰੋ ਕਹ੍ਯੋ ਮਾਨ ਜਾਨ ਔਸੁਰ ਅਭੀਚ ਕੋ ।

ਹੇ ਮਾਣ -ਮੱਤੀਏ! ਮਾਨ ਨਾ ਕਰ; ਮੈਂ ਇਹ ਤੇਰੀ ਸਿਆਣਪ ਨਹੀਂ ਮੰਨਦੀ; ਮੇਰੇ ਆਖੇ ਲੱਗ ਤੇ ਸਮਝ ਇਸ ਅਭੀਚ ਦੇ ਸਮੇਂ ਨੂੰ।

ਪ੍ਰਿਯਾ ਕੀ ਅਨੇਕ ਪ੍ਯਾਰੀ ਚਿਰੰਕਾਲ ਆਈ ਬਾਰੀ ਲੇਹੁ ਨ ਸੁਹਾਗ ਸੰਗ ਛਾਡਿ ਹਠ ਨੀਚ ਕੋ ।

ਪਿਆਰੇ ਦੀਆਂ ਪਿਆਰੀਆਂ ਅਨੇਕ ਹਨ; ਤੇਰੀ ਵਾਰੀ ਚਿਰਾਂ ਪਿਛੋਂ ਆਈ ਹੈ; ਇਸ ਵੇਲੇ ਤੂੰ ਸੁਹਾਗ ਨੂੰ ਮਨਾ ਨਹੀਂ ਲੈਂਦੀ ਇਹ ਠੀਕ ਨਹੀਂ ਤੂੰ ਨੀਚ ਹਠ ਦਾ ਸੰਗ ਛੱਡ ਦੇਹ।

ਰਜਨੀ ਬਿਹਾਤ ਜਾਤ ਜੋਬਨ ਸਿੰਗਾਰ ਗਾਤ ਖੇਲਹੁ ਨ ਪ੍ਰੇਮ ਰਸ ਮੋਹ ਸੁਖ ਬੀਚ ਕੋ ।

ਰਾਤ ਬੀਤੀ ਜਾ ਰਹੀ ਹੈ ਜੋਬਨ ਤੇ ਸ਼ਿੰਗਾਰ ਵੀ ਬੀਤ ਰਿਹਾ ਹੈ; ਪ੍ਰੇਮ ਰਸ ਵਿਚ ਤੂੰ ਖੇਡਦੀ ਨਹੀਂ ਕਿਹੜੇ ਮਾਨ ਦੇ ਸੁਖ ਵਿਚ ਮੋਹਿਤ ਹੋਈ ਹੋਈ ਹੈਂ।

ਅਬ ਕੈ ਨ ਭੇਟੇ ਨਾਥ ਬਹੁਰਿਯੋ ਨ ਆਵੈ ਹਾਥ ਬਿਰਹਾ ਬਿਹਾਵੈ ਬਲਿ ਬਡੋ ਭਾਈ ਮੀਚ ਕੋ ।੬੬੦।

ਹੁਣ ਜੇ ਮਾਲਕ ਪ੍ਰਭੂ ਨੂੰ ਨਾ ਮਿਲੀਓਂ ਤਾਂ ਫਿਰ ਉਹ ਹੱਥ ਨਹੀਂ ਆਉਣ ਲੱਗਾ; ਫਿਰ ਤਾਂ ਮੌਤ ਦੇ ਵੱਡੇ ਭਰਾ ਬਲੀ ਬਿਰਹੇ ਨਾਲ ਹੀ ਬੀਤੇਗੀ ॥੬੬੦॥


Flag Counter