ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 234


ਜੈਸੇ ਮਨੁ ਲਾਗਤ ਹੈ ਲੇਖਕ ਕੋ ਲੇਖੈ ਬਿਖੈ ਹਰਿ ਜਸੁ ਲਿਖਤ ਨ ਤੈਸੋ ਠਹਿਰਾਵਈ ।

ਜਿਸ ਤਰ੍ਹਾਂ ਲਿਖਾਰੀ ਦਾ ਮਨ ਲਿਖਣੇ ਵਿਚ ਪਰਚਦਾ ਹੈ, ਓਹੋ ਜਿਹਾ ਹਰਿ ਜਸ ਵਾਹਿਗੁਰੂ ਦੇ ਗੁਣਾਨਵਾਦ ਵਾ ਹਰਿ ਚਰਚਾ ਸੰਬਧੀ ਲੇਖ ਲਿਖਦਿਆਂ ਹੋਇਆਂ ਨਹੀਂ ਟਿਕਦਾ।

ਜੈਸੇ ਮਨ ਬਨਜੁ ਬਿਉਹਾਰ ਕੇ ਬਿਥਾਰ ਬਿਖੈ ਸਬਦ ਸੁਰਤਿ ਅਵਗਾਹਨੁ ਨ ਭਾਵਈ ।

ਜਿਸ ਪ੍ਰਕਾਰ ਫੇਰ ਵਣਜ ਵਪਾਰ ਸੌਦੇ ਸੂਤ ਲੈਣ ਦੇਣ ਦੇ ਪਸਾਰੇ ਵਿਚ ਪਸਰਦਾ ਹੈ ਸ਼ਬਦ ਸੁਰਤਿ ਦਾ ਅਗਵਾਹਨ ਅਭ੍ਯਾਸ ਓਹੋ ਜੇਹਾ ਇਸ ਨੂੰ ਨਹੀਂ ਭੌਂਦਾ ਪਸਿੰਦ ਔਂਦਾ।

ਜੈਸੇ ਮਨੁ ਕਨਿਕ ਅਉ ਕਾਮਨੀ ਸਨੇਹ ਬਿਖੈ ਸਾਧਸੰਗ ਤੈਸੇ ਨੇਹੁ ਪਲ ਨ ਲਗਾਵਈ ।

ਜਿਸ ਭਾਂਤ ਮਨ ਕਨਿਕ ਸੋਨੇ ਅਤੇ ਕਾਮਿਨੀ ਇਸਤ੍ਰੀ ਦੇ ਸਨੇਹ ਪਿਆਰ ਵਿਚ ਮਗਨ ਹੁੰਦਾ ਹੈ ਓਸ ਤਰਾਂ ਦਾ ਸਾਧ ਸੰਗਤਿ ਗੁਰੂਆਂ ਸੰਤਾਂ ਦੇ ਸਤਸੰਗ ਵਿਚ ਪਲ ਭਰ ਭੀ ਪ੍ਰੇਮ ਨਹੀਂ ਲੌਂਦਾ।

ਮਾਇਆ ਬੰਧ ਧੰਧ ਬਿਖੈ ਆਵਧ ਬਿਹਾਇ ਜਾਇ ਗੁਰ ਉਪਦੇਸ ਹੀਨ ਪਾਛੈ ਪਛੁਤਾਵਈ ।੨੩੪।

ਸਾਰ ਕੀਹ ਕਿ ਮਾਯਾ ਦਿਆਂ ਧੰਦਿਆਂ ਕਾਰਾਂ ਵਿਹਾਰਾਂ ਜੰਜਾਲਾਂ ਵਿਚ ਬੰਧ ਫਸਿਆਂ ਹੋਇਆਂ ਇਸੇ ਤਰ੍ਹਾਂ ਹੀ ਆਧ ਆਯੂ ਅਕਾਰਥ ਹੀ ਬਿਤੀਤ ਹੋ ਜਾਵੇਗੀ ਤਾਂ ਵਿਹਲ ਹੱਥੋਂ ਵੰਜਿਆ ਗੁਰ ਉਪਦੇਸ਼ ਦੀ ਪ੍ਰਾਪਤੀ ਬਿਨਾਂ ਪਿਛੋਂ ਫੇਰ ਪਛੁਤਾਵੇਗਾ ॥੨੩੪॥


Flag Counter