ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 218


ਚਰਨ ਕਮਲ ਗੁਰ ਜਬ ਤੇ ਰਿਦੈ ਬਸਾਏ ਤਬ ਤੇ ਅਸਥਿਰਿ ਚਿਤਿ ਅਨਤ ਨ ਧਾਵਹੀ ।

ਜਿਸ ਵੇਲੇ ਤੋਂ ਸਤਿਗੁਰਾਂ ਦੇ ਚਰਣ ਕਮਲਾਂ ਨੂੰ ਅਸਾਂ ਰਿਦੇ ਵਿਚ ਵਸਾਇਆ ਪਿਆਰ ਦੀ ਥਾਂ ਬਣਾਇਆ ਹੈ, ਤਕ ਤੋਂ ਹੀ ਅਸਾਡਾ ਚਿੱਤ ਇਕਾਗ੍ਰ ਹੋਯਾ ਹੁਣ ਹੋਰ ਵਿਖ੍ਯਾਂ ਵਿਕਾਰਾਂ ਆਦਿ ਵੱਲ ਨਹੀਂ ਦੌੜਦਾ।

ਚਰਨ ਕਮਲ ਮਕਰੰਦ ਚਰਨਾਮ੍ਰਿਤ ਕੈ ਪ੍ਰਾਪਤਿ ਅਮਰ ਪਦ ਸਹਜਿ ਸਮਾਵਹੀ ।

ਉਕਤ ਚਰਣ ਕਮਲਾਂ ਦੀ ਧੂਲੀ ਰਸ ਨੂੰ ਚਰਣਾਮ੍ਰਿਤ ਰੂਪ ਚਰਣ ਪਾਹੁਲ ਦ੍ਵਾਰੇ ਪੀਣ ਕਰ ਕੇ, ਸਹਜੇ ਹੀ ਅਮਰ ਅਬਿਨਾਸ਼ੀ ਪਦ ਦੀ ਪ੍ਰਾਪਤੀ ਹੋ ਕੇ ਓਸ ਵਿਚ ਸਮਾਏ ਰਹਿੰਦੇ ਹਾਂ।

ਚਰਨ ਕਮਲ ਗੁਰ ਜਬ ਤੇ ਧਿਆਨ ਧਾਰੇ ਆਨ ਗਿਆਨ ਧਿਆਨ ਸਰਬੰਗ ਬਿਸਰਾਵਹੀ ।

ਅਤੇ ਜਦ ਤੋਂ ਹੀ ਗੁਰੂ ਮਹਾਰਾਜ ਦੇ ਚਰਣ ਕਮਲਾਂ ਨੂੰ ਧਿਆਨ ਅੰਦਰ ਲਿਆਂਦਾ ਆਪਣੀ ਕਲਿਆਣ ਦਾ ਮੂਲ ਸਮਝ ਕੇ ਓਨਾਂ ਉਪਰ ਦੜ੍ਹਿ ਕੀਤਾ ਹੈ, ਹੋਰਨਾਂ ਗਿਆਨਾਂ ਦਾ ਸਿੱਖਨਾ ਤਥਾ ਧਿਆਨ ਫਿਕਰ ਅੰਦਰ ਕਿਸੇ ਬਾਤ ਨੂੰ ਲਿਔਣਾ ਸਰਬੰਗ ਸਮੂਲਚਾ ਹੀ ਵਿਸਾਰ ਦਿਤਾ ਹੋਯਾ ਹੈ।

ਚਰਨ ਕਮਲ ਗੁਰ ਮਧੁਪ ਅਉ ਕਮਲ ਗਤਿ ਮਨ ਮਨਸਾ ਥਕਿਤ ਨਿਜ ਗ੍ਰਹਿ ਆਵਈ ।੨੧੮।

ਤਾਤਪਰਜ ਕੀਹ ਕਿ ਗੁਰੂ ਮਹਾਰਾਜ ਦੇ ਸੁੰਦਰ ਤੇ ਕੋਮਲ ਚਰਣ ਕਮਲ ਜਿਸ ਦਿਨ ਤੋਂ ਕੌਲ ਫੁਲਾਂ ਵਾਂਕੂੰ ਮੇਰੇ ਭੌਰੇ ਵਰਗੇ ਪ੍ਰੇਮੀ ਮਨ ਨੂੰ ਪਿਆਰੇ ਹੋ ਲਗੇ ਹਨ, ਮਨ ਦੀਆਂ ਮਨਸਾਂ ਕਲਪਨਾਂ ਵਾ ਮਨੋਰਥਾਂ ਭਰੀਆ ਚਾਹਨਾਂ ਬੱਸ ਹੋ ਗਈਆਂ ਹਨ, ਤੇ ਇਹ ਮਨ ਅਪਣੇ ਘਰ ਆਪੇ ਦੀ ਠੌਰ ਆਤਮ ਪਦ ਵਿਖੇ ਆਇਆ ਸਮਾਇਆ ਰਹਿੰਦਾ ਹੈ ॥੨੧੮॥


Flag Counter