ਖ੍ਯੀਰ ਸਮੁੰਦ੍ਰ ਅੰਦਰਲੇ ਅੰਮ੍ਰਿਤ ਦੇ ਸੋਮੇ ਮਾਨਸਰੋਵਰ ਦੇ ਕਿਨਾਰੇ ਜੇਕਰ ਬਗਲੇ ਨੂੰ ਲਿਜਾ ਬਿਠਾਈਏ, ਤਾਂ ਉਹ ਅਨਮੁੱਲਿਆਂ ਮੋਤੀਆਂ ਨੂੰ ਤ੍ਯਾਗ ਤ੍ਯਾਗ ਕੇ ਮਛੀਆਂ ਨੂੰ ਬੀਨਿ ਚੁਣ ਚੁਣਕੇ ਖਾਯਾ ਕਰਦਾ ਹੈ ਕ੍ਯੋਂਜੁ ਓਸ ਦੀ ਭਾਵਨਾ ਹੀ ਮਛੀਆਂ ਦੀ ਖ਼ੁਰਾਕ ਉਪਰ ਬੱਝੀ ਹੋਈ ਹੈ, ਤੇ ਮੋਤੀਆਂ ਨੂੰ ਚੋਗਾ ਓਸ ਨੇ ਸਮਝ੍ਯਾ ਹੀ ਨਹੀਂ ਹੁੰਦਾ।
ਇਸੇ ਤਰ੍ਹਾਂ ਜੇਕਰ ਜੋਕ ਨੂੰ ਥਨ ਮੰਮਾ ਪੀਣ ਵਾਸਤੇ ਲਾਈਏ ਤਾਂ ਉਹ ਪੈ ਦੁੱਧ ਨਹੀਂ ਪੀਆ ਕਰਦੀ, ਸਗੋਂ ਅਪਣੀ ਪ੍ਰਪੱਕ ਭਾਵਨਾ ਅਨੁਸਾਰ ਲਹੂ ਨੂੰ ਹੀ ਲੈ ਲੈ = ਗ੍ਰਹਣ ਕਰ ਕਰ ਕੇ ਅਚਦੀ ਛਕਦੀ ਤੇ ਰਜ੍ਯਾ ਕਰਦੀ ਹੈ।
ਇਸੇ ਭਾਂਤ ਹੀ ਅਤ੍ਯੰਤ ਬਾਸਨਾ ਵਾਲੀ ਵਸਤੂ ਫੁਲਾਂ ਦੇ ਅਤਰ ਆਦਿ ਖ਼ੁਸ਼ਬੂਈ ਉਪਰ ਮੱਖੀ ਰੱਖੀ (ਮਜਬੂਰ ਕੀਤੀ ਹੋੜੀ ਹੋਈ) ਨਹੀਂ ਰਿਹਾ ਕਰਦੀ ਅਤੇ ਆਪਣੀ ਭਓਣੀ ਦੀ ਪ੍ਰੇਰੀ ਝੱਟ ਹੀ ਮਹਾਨ ਦ੍ਰੁਗੰਧੀ ਵਾਲੀ (ਗੰਦੀ ਥਾਂ ਫੋੜੇ ਫਿਨਸੀ ਆਦਿ ਲਹੂ ਪਾਕ ਭਰੇ ਟਿਕਾਣੇ) ਵੱਲ ਦੌੜ ਜਾਇਆ ਕਰਦੀ ਹੈ।
ਐਸੇ ਹੀ ਜਿਰ ਪ੍ਰਕਾਰ ਹਾਥੀ ਸ਼ਨਾਨ ਕਰ ਕੇ (ਸ਼ੁੱਧ ਪਵਿੱਤ੍ਰ ਹੋ ਕੇ) ਭੀ ਆਪਣੇ ਸਿਰ ਵਿਚ ਮਿੱਟੀ ਪਾ ਲਿਆ ਕਰਦਾ ਹੈ (ਇਸੇ ਪ੍ਰਕਾਰ ਕੁਭਾਵਨਾ ਰੂਪੀ ਦੂਖਣਾਂ ਨਾਲ ਦੂਖਿਤ ਹਿਰਦੇ ਵਾਲੇ) ਸੰਤ ਦੇ ਦੋਖੀ ਨੂੰ ਸੰਤਾਂ ਦੀ ਸੰਗਤ ਦਾ ਸਮਾਗਮ ਬਣ ਪੈਣ ਤੇ ਭੀ ਸੰਤਾਂ ਦੀ ਸੰਗਤ ਚੰਗੀ ਨਹੀਂ ਲਗਿਆ ਕਰਦੀ ਹੈ ॥੩੩੨॥