ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 526


ਜੈਸੇ ਗਜਰਾਜ ਗਾਜਿ ਮਾਰਤ ਮਨੁਖ ਸਿਰਿ ਡਾਰਤ ਹੈ ਛਾਰ ਤਾਹਿ ਕਹਤ ਅਰੋਗ ਜੀ ।

ਜਿਸ ਤਰ੍ਹਾਂ ਹਾਥੀਆਂ ਦਾ ਰਾਜਾ ਜੂਥ ਪਾਲ ਹਾਥੀ ਚਿੰਘਾੜਦਾ ਹੋਇਆ ਮਨੁੱਖਾਂ ਨੂੰ ਮਾਰਦਾ ਅਤੇ ਸਿਰ ਵਿਚ ਮਿੱਟੀ ਪੌਂਦਾ ਹੋਵੇ, ਤਾਂ ਓਸ ਨੂੰ ਰਾਜੀ ਬਾਜੀ ਮਸਤਿਆ ਹਾਥੀ ਆਖਦੇ ਹਨ।

ਸੂਆ ਜਿਉ ਪਿੰਜਰ ਮੈ ਕਹਤ ਬਨਾਇ ਬਾਤੈ ਪੇਖ ਸੁਨ ਕਹੈ ਤਾਹਿ ਰਾਜ ਗ੍ਰਿਹਿ ਜੋਗ ਜੀ ।

ਤੋਤਾ ਜਿਸ ਤਰ੍ਹਾਂ ਪਿੰਜਰੇ ਵਿਚ ਬਣਾ ਬਣਾ ਕੇ ਸੁੰਦਰ ਸੁੰਦਰ ਗੱਲਾਂ ਕਰਦਾ ਹੋਵੇ, ਤਾਂ ਓਸ ਨੂੰ ਦੇਖ ਸੁਣ ਕੇ ਸਭ ਕਹਿੰਦੇ ਹਨ ਕਿ ਇਹ ਤਾਂ ਰਾਜ ਮੰਦਿਰ ਦੇ ਲੈਕ ਹੈ ਭਾਵ ਆਦਰ ਦਾ ਅਧਿਕਾਰੀ ਓਸ ਨੂੰ ਮੰਨਦੇ ਹਨ।

ਤੈਸੇ ਸੁਖ ਸੰਪਤਿ ਮਾਇਆ ਮਦੋਨ ਪਾਪ ਕਰੈ ਤਾਹਿ ਕਹੈ ਸੁਖੀਆ ਰਮਤ ਰਸ ਭੋਗ ਜੀ ।

ਤਿਸੀ ਭਾਂਤ ਸੁਖ ਸਰੂਪੀ ਸੰਪਦਾ ਵਿਭੂਤੀ ਨੂੰ ਪ੍ਰਾਪਤ ਹੋਯਾ ਮਾਇਆ ਮਦ ਦਾ ਮਸਤਿਆ ਮਨੁੱਖ ਪਾਪ ਯਬੇ ਛਿਤ ਵਿਹਾਰ ਕਰਦਾ ਪਿਆ ਹੋਵੇ ਤੇ ਭੋਗਾਂ ਸੁਆਦਾਂ ਨੂੰ ਮਾਨ ਰਿਹਾ ਹੋਵੇ ਤਾਂ ਓਸ ਨੂੰ ਸੁਖੀਆ ਸੁਖੀਆ ਆਖਦੇ ਹਨ।

ਜਤੀ ਸਤੀ ਅਉ ਸੰਤੋਖੀ ਸਾਧਨ ਕੀ ਨਿੰਦਾ ਕਰੈ ਉਲਟੋਈ ਗਿਆਨ ਧਿਆਨ ਹੈ ਅਗਿਆਨ ਲੋਗ ਜੀ ।੫੨੬।

ਅਤੇ ਜਿਹੜੇ ਜਤੀ ਜਤ ਪਾਲਨ ਹਾਰੇ ਸੰਜਮੀ ਸਤੀ ਸਤਵੰਤੇ = ਧਰਮੀ ਅਤੇ ਸੰਤੋਖੀ ਹੁੰਦੇ ਹਨ, ਓਨਾਂ ਸਾਧਾਂ ਭਲਿਆਂ ਦੀ ਤਾਂ ਨਿੰਦਿਆ ਕਰਦੇ ਹਨ, ਇਸ ਪ੍ਰਕਾਰ ਦਿਆਂ ਅਗਿਆਨੀਆਂ ਲੋਕਾਂ ਦਾ ਗਿਆਨ ਧਿਆਨ ਉਲਟੀ ਤਾਂ ਦਾ ਹੀ ਹੈ ॥੫੨੬॥