ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 4


ਸੋਰਠਾ ।

ਗੁਰੂ ਅਮਰ ਦੇਵ ਜੀ ਦਾ ਪ੍ਰਕਾਸ਼:

ਅੰਮ੍ਰਿਤ ਦ੍ਰਿਸਟਿ ਨਿਵਾਸ ਅੰਮ੍ਰਿਤ ਬਚਨ ਅਨਹਦ ਸਬਦ ।

ਜਿਨਾਂ ਦੀ ਦ੍ਰਿਸ਼ਟੀ ਨਿਗ੍ਹਾ ਵਿਚ ਅੰਮ੍ਰਿਤ ਦਾ ਨਿਵਾਸ ਸੀ। ਅਰ ਜਿਨਾਂ ਦੇ ਅੰਮ੍ਰਿਤ ਮਈ ਬਚਨ ਮਾਨੋ ਸਾਖ੍ਯਾਤ ਅਨਹਦ ਸ਼ਬਦ ਰੂਪ ਸਨ।

ਸਤਿਗੁਰ ਅਮਰ ਪ੍ਰਗਾਸ ਮਿਲਿ ਅੰਮ੍ਰਿਤ ਅੰਮ੍ਰਿਤ ਭਏ ।੧।੪।

ਜੋ ਅੰਮ੍ਰਿਤ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲ ਕੇ ਸਤਿਗੁਰੂ ਅਮਰਦੇਵ ਰੂਪਤਾ ਕਰ ਕੇ ਪ੍ਰਸਿੱਧ ਹੁੰਦੇ ਹੋਏ ਸਤ੍ਯ ਸਰੂਪ ਹੀ ਹੋ ਗਏ ਸਨ ॥੧੦॥

ਦੋਹਰਾ ।

ਗੁਰੂ ਅਮਰਦੇਵ ਜੀ ਕਿਸ ਪ੍ਰਕਾਰ ਪ੍ਰਗਟੇ:

ਅੰਮ੍ਰਿਤ ਬਚਨ ਅਨਹਦ ਸਬਦ ਅੰਮ੍ਰਿਤ ਦ੍ਰਿਸਟਿ ਨਿਵਾਸ ।

ਸ਼ਬਦ ਦਾ, ਇਕਰਸ ਬੇਹੱਦ ਕੋਟੀ ਵਿਖੇ ਵਾ ਲਗਾਤਾਰ ਅਨਹਦ ਧੁਨੀ ਵਿਖੇ ਇਸਥਿਤ ਹੋ, ਅਭ੍ਯਾਸ ਕਰ ਕੇ, ਜਿਨਾਂ ਦੇ ਬਚਨ ਬੋਲ ਅੰਮ੍ਰਿਤ ਰੂਪ ਮਿੱਠੇ ਵਾ ਕਲ੍ਯਾਨ ਕਾਰੀ ਹੋ ਗਏ ਸਨ ਤੇ ਏਸੇ ਕਰ ਕੇ ਹੀ ਓਨਾਂ ਦੀ ਦ੍ਰਿਸ਼ਟੀ ਭੀ, ਅੰਮ੍ਰਿਤ ਮ੍ਰਿਤ੍ਯੂ ਰਹਿਤ ਅਮਰ ਪਦ ਵਿਖੇ ਇਸਥਿਤ ਹੋ ਗਈ ਸੀ।

ਮਿਲਿ ਅੰਮ੍ਰਿਤ ਅੰਮ੍ਰਿਤ ਭਏ ਸਤਿਗੁਰ ਅਮਰ ਪ੍ਰਗਾਸ ।੨।੪।

ਉਹ ਸਤਗੁਰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਨੇ ਸਾਰ ਹੀ ਮ੍ਰਿਤ = ਆਪੇ ਵੱਲੋਂ ਮਰ ਕੇ ਆਪ ਤਯਾਗ ਕੇ ਅੰਮ੍ਰਿਤ ਮਿਰਤੂ ਰਹਿਤ ਹੋ ਗਏ ਤੇ ਅਬਿਨਾਸ਼ੀ ਅਮਰਦੇਵ ਦੇਵਾਧਿ ਦੇਵ = ਸਤ੍ਯ ਸਰੂਪੀ ਪ੍ਰਗਾਸ ਰੂਪ ਕਹਾਏ ॥੧੧॥

ਛੰਦ ।

ਗੁਰੂ ਅਮਰ ਦੇਵ ਜੀ ਦੀ ਚਰਣ ਸਰਣ ਮਹਿਮਾ:

ਸਤਿਗੁਰ ਅਮਰ ਪ੍ਰਗਾਸ ਤਾਸ ਚਰਨਾਮ੍ਰਤ ਪਾਵੈ ।

ਐਸੇ ਜੋ ਸ੍ਰੀ ਸ਼ੋਭਾ੍ਯਮਾਨ ਗੁਰੂ ਅਮਰਦੇਵ ਜੀ ਹਨ, ਤਿਨਾਂ ਦੇ ਚਰਣਾਂ ਦਾ ਅੰਮ੍ਰਿਤ ਚਰਣ ਪਾਹੁਲ ਜਿਹੜਾ ਕੋਈ ਭੀ ਅਧਿਕਾਰੀ ਪਾਵੇ ਪ੍ਰਾਪਤ ਕਰਦਾ ਹੈ,

ਕਾਮ ਨਾਮ ਨਿਹਿਕਾਮ ਪਰਮਪਦ ਸਹਜ ਸਮਾਵੈ ।

ਉਹ ਨਿਸ਼ਕਾਮ ਹੋ ਕੇ ਭਾਵ ਕਾਮਨਾ ਤੋਂ ਰਹਿਤ ਹੋ ਕੇ ਪਰਮ ਪਦ ਜਿਸ ਪਦ = ਪ੍ਰਾਪਤੀ ਤੋਂ ਪਰੇ ਹੋਰ ਕੁਛ ਪ੍ਰਾਪਤ ਕਰਣੇ ਜੋਗ ਨਹੀਂ ਰਹਿੰਦਾ ਐਸੀ ਕੈਵਲ੍ਯ ਮੁਕਤੀ ਵਾਲੇ ਦਰਜੇ ਵਿਖੇ ਸਹਜੇ ਹੀ ਲੀਨ ਹੋ ਜਾਂਦਾ ਹੈ।

ਗੁਰਮੁਖਿ ਸੰਧਿ ਸੁਗੰਧ ਸਾਧ ਸੰਗਤਿ ਨਿਜ ਆਸਨ ।

ਤਾਤਪਰਜ ਕੀਹ ਕਿ ਮਨ ਵਿਚ ਗੁਰੁ ਮੁਖੀ ਭਾਵ ਦਾ ਜੋੜ ਜੁੜਿਆਂ ਅਰਥਾਤ ਸਤਿਗੁਰਾਂ ਦੇ ਮਨ ਵਿਚ ਗੁਰਮੁਖ ਦੇ ਭਾਵ ਦੇ ਸਾਰ, ਸਾਧ ਸੰਗਤ ਵਿਚ, ਉਕਤ ਗੁਰਮੁਖ ਦੀ ਸੁਗੰਧੀ ਕੀਰਤੀ, ਪਸਰ ਤੁਰਦੀ ਹੈ ਤੇ ਉਹ ਇਉਂ ਸਤਿਗੁਰੂ ਅਰੁ ਸੰਗਤ ਦਾ ਮਨ ਭਾਂਵਦਾ ਹੋ ਜਾਣ ਕਾਰਣ ਆਤਮ ਇਸਥਿਤੀ ਨੂੰ ਪ੍ਰਾਪਤ ਹੋ ਜਾਂਦਾ ਹੈ।

ਅੰਮ੍ਰਿਤ ਦ੍ਰਿਸਟਿ ਨਿਵਾਸ ਅੰਮ੍ਰਿਤ ਮੁਖ ਬਚਨ ਪ੍ਰਗਾਸਨ ।੩।੪।

ਓਸਦੀ ਦ੍ਰਿਸ਼ਟੀ ਵਿਚੋਂ ਅੰਮ੍ਰਿਤ ਵਸਨ ਲਗ ਪੈਂਦਾ ਅਤੇ ਮੁਖ ਰਸਨਾ ਤੋਂ ਬਾਣੀ ਭੀ ਅੰਮ੍ਰਿਤ ਮਈ ਹੀ ਪ੍ਰਕਾਸ਼ ਪ੍ਰਗਟ ਹੋਇਆ ਕਰਦੀ ਹੈ ॥੧੨॥