ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 161


ਜੈਸੇ ਤਉ ਸਲਿਲ ਮਿਲਿ ਬਰਨ ਬਰਨ ਬਿਖੈ ਜਾਹੀ ਜਾਹੀ ਰੰਗ ਮਿਲੈ ਸੋਈ ਹੁਇ ਦਿਖਾਵਈ ।

ਜਿਸ ਤਰ੍ਹਾਂ ਫੇਰ ਜਲ ਮਿਲ ਕੇ ਰੰਗ ਰੰਗ ਵਿਖੇ ਜੇਹੋ ਜੇਹੇ ਰੰਗ ਨਾਲ ਮਿਲਿਆ ਕਰਦਾ ਹੈ, ਓਹੋ ਓਹੋ ਜਿਹਾ ਹੀ ਬਣ ਦਿਖਾਇਆ ਕਰਦਾ ਹੈ।

ਜੈਸੇ ਘ੍ਰਿਤ ਜਾਹੀ ਜਾਹੀ ਪਾਕ ਸਾਕ ਸੰਗ ਮਿਲੈ ਤੈਸੇ ਤੈਸੋ ਸ੍ਵਾਦ ਰਸ ਰਸਨਾ ਚਖਾਵਈ ।

ਜਿਸ ਤਰ੍ਹਾਂ ਘਿਉ ਜੇਹੇ ਜੇਹੇ ਰਸੋਈ ਸਾਗ ਆਦਿ ਨਾਲ ਮਿਲਦਾ ਹੈ, ਓਹੋ ਓਹੋ ਜੇਹੇ ਹੀ ਰਸ ਭਰੇ ਸ੍ਵਾਦ ਉਹ ਰਸਨਾ ਨੂੰ ਚਖਾਇਆ ਕਰਦਾ ਹੈ।

ਜੈਸੇ ਸ੍ਵਾਂਗੀ ਏਕੁ ਹੁਇ ਅਨੇਕ ਭਾਤਿ ਭੇਖ ਧਾਰੈ ਜੋਈ ਜੋਈ ਸ੍ਵਾਂਗ ਕਾਛੈ ਸੋਈ ਤਉ ਕਹਾਵਈ ।

ਜਿਸ ਤਰ੍ਹਾਂ ਸਾਂਗ ਧਾਰੀ ਨਟ ਇਕ ਹੁੰਦਾ ਹੋਇਆ ਭੀ ਅਨੇਕਾਂ ਤਰਾਂ ਦੇ ਭੇਖਾਂ ਸਾਂਗਾਂ ਨੂੰ ਧਾਰਦਾ ਰਹਿੰਦਾ ਹੈ ਅਤੇ ਜਿਸ ਜਿਸ ਭਾਂਤ ਦੇ ਸਾਂਗ ਨੂੰ ਢਾਲਦਾ ਹੈ ਉਹ ਓਹੋ ਓਹੋ ਜਿਹਾ ਹੀ ਕਹਾਈ ਜਾਂਦਾ ਹੈ।

ਤੈਸੇ ਚਿਤ ਚੰਚਲ ਚਪਲ ਸੰਗ ਦੋਖੁ ਲੇਪ ਗੁਰਮੁਖਿ ਹੋਇ ਏਕ ਟੇਕ ਠਹਰਾਵਈ ।੧੬੧।

ਤਿਸੇ ਪ੍ਰਕਾਰ ਹੀ ਚੰਚਲ ਚਿੱਤ ਸੰਗਤ ਦੇ ਦੋਖ ਕਰ ਕੇ ਲਿਪਾਯਮਾਨ ਹੋ ਕੇ ਜਿਸ ਜਿਸ ਪਦਾਰਥ ਦੇ ਮੇਲ ਨੂੰ ਪ੍ਰਾਪਤ ਹੁੰਦਾ ਹੈ ਓਸੇ ਓਸੇ ਤਰ੍ਹਾਂ ਦਾ ਹੋ ਭਾਸਨ ਲਈ ਚਪਲ ਚਲਾਯਮਾਨ ਹੋ ਪਿਆ ਕਰਦਾ ਹੈ। ਪ੍ਰੰਤੂ ਗੁਰਮੁਖ ਹੋਣ ਕਰ ਕੇ ਤਾਂ ਉਹ ਇਕ ਮਾਤ੍ਰ ਹੀ ਟੇਕ ਨਿਸਚਾ ਆਪਣੇ ਅੰਦਰ ਧਾਰਣ ਕਰ ਕੇ ਅਲੇਪ ਰਿਹਾ ਕਰਦਾ ਹੈ ॥੧੬੧॥


Flag Counter