ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 605


ਜੈਸੇ ਸਿਮਰ ਸਿਮਰ ਪ੍ਰਿਆ ਪ੍ਰੇਮ ਰਸ ਬਿਸਮ ਹੋਇ ਸੋਭਾ ਦੇਤ ਮੋਨ ਗਹੇ ਮਨ ਮੁਸਕਾਤ ਹੈ ।

ਜਿਵੇਂ ਨਾਇਕਾ ਆਪਣੇ ਪਿਆਰੇ ਦੇ ਪ੍ਰੇਮ ਰਸ ਨੂੰ ਯਾਦ ਕਰ ਕਰ ਕੇ ਅਸਚਰਜ ਹੁੰਦੀ ਰਹਿੰਦੀ ਹੈ ਤੇ ਚੁਪ ਕੀਤਿਆਂ ਹੋਇਆਂ ਭੀ ਉਹ ਸੋਭਾ ਦਿੰਦੀ ਹੈ, ਕਿਉਂਕਿ ਉਸ ਦਾ ਮਨ ਮੁਸਕਰਾ ਰਿਹਾ ਹੁੰਦਾ ਹੈ।

ਪੂਰਨ ਅਧਾਨ ਪਰਸੂਤ ਸਮੈ ਰੋਦਤ ਹੈ ਗੁਰਜਨ ਮੁਦਤ ਹ੍ਵੈ ਤਾਹੀ ਲਪਟਾਤ ਹੈ ।

ਜਿਵੇਂ ਉਹ ਗਰਭ ਦੇ ਪੂਰਨ ਹੋਇਆਂ ਬਾਲ ਨੂੰ ਜਨਮ ਦੇਣ ਵੇਲੇ ਆਪ ਰੋਂਦੀ ਹੈ, ਪਰ ਘਰ ਦੀਆਂ ਵੱਡੀਆਂ ਵਡੇਰੀਆਂ ਪ੍ਰਸੰਨ ਹੁੰਦੀਆਂ ਤੇ ਉਸ ਨੂੰ ਪਿਆਰਦੀਆਂ ਹਨ ਭਾਵ ਰੋਂਦੀ ਭੀ ਉਨ੍ਹਾਂ ਨੂੰ ਪਿਆਰੀ ਲਗਦੀ ਹੈ।

ਜੈਸੇ ਮਾਨਵਤੀ ਮਾਨ ਤ੍ਯਾਗਿ ਕੈ ਅਮਾਨ ਹੋਇ ਪ੍ਰੇਮ ਰਸ ਪਾਇ ਚੁਪ ਹੁਲਸਤ ਗਾਤ ਹੈ ।

ਜਿਵੇਂ ਮਾਨ ਮੱਤੀ ਮਾਨ ਛੱਡ ਕੇ ਨਿਰਮਾਣ ਹੁੰਦੀ ਹੈ ਤਾਂ ਪਤੀ ਦਾ ਪ੍ਰੇਮ ਰਸ ਪਾ ਕੇ ਚੁੱਪ, ਪਰ ਤਨੋਂ ਮਨੋਂ ਆਨੰਦ ਵਿਚ ਹੁੰਦੀ ਹੈ।

ਤੈਸੇ ਗੁਰਮੁਖ ਪ੍ਰੇਮ ਭਗਤਿ ਪ੍ਰਕਾਸ ਜਾਸ ਬੋਲਤ ਬੈਰਾਗ ਮੋਨ ਗਹੇ ਬਹੁ ਸੁਹਾਤ ਹੈ ।੬੦੫।

ਤਿਵੇਂ ਉਹ ਗੁਰਮੁਖ ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਕਾਸ਼ ਹੈ, ਭਾਵੇਂ ਉਹ ਬੋਲਦੇ ਹਨ ਜਾਂ ਬੈਰਾਗ ਕਰਦੇ ਹਨ ਜਾਂ ਚੁਪ ਕਰ ਰਹਿੰਦੇ ਹਨ, ਉਹ ਸਭਨਾਂ ਹਾਲਤਾਂ ਵਿਚ ਬਹੁਤ ਸੋਭਨੀਕ ਹੁੰਦੇ ਹਨ ॥੬੦੫॥


Flag Counter