ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 484


ਆਦਿਤ ਅਉ ਸੋਮ ਭੋਮ ਬੁਧ ਹੂੰ ਬ੍ਰਹਸਪਤ ਸੁਕਰ ਸਨੀਚਰ ਸਾਤੋ ਬਾਰ ਬਾਂਟ ਲੀਨੇ ਹੈ ।

ਆਦਿਕ ਸੂਰਜ ਅਤੇ ਸੋਮ ਚੰਦ੍ਰਮਾ ਭੋਮ ਮੰਗਲ ਬੁਧ ਅਤੇ ਬ੍ਰਹਸਪਤੀ ਵੀਰ ਦੇਵ ਗੁਰੂ ਸੁਕ੍ਰ ਦੈਤ ਗੁਰੂ ਸਨੀਚਰ ਛਨਿਛਰ ਏਨਾਂ ਸੱਤਾਂ ਗ੍ਰਹਿ ਸਰੂਪ ਦੇਵਤਿਆਂ ਨੇ ਸੱਤਾਂ ਵਾਰਾਂ ਨੂੰ ਹੀ ਆਪਣੇ ਹਿੱਸੇ ਪਾ ਲਿਆ।

ਥਿਤਿ ਪਛ ਮਾਸ ਰੁਤਿ ਲੋਗਨ ਮੈ ਲੋਗਚਾਰ ਏਕ ਏਕੰਕਾਰ ਕਉ ਨ ਕੋਊ ਦਿਨ ਦੀਨੇ ਹੈ ।

ਏਕਮ ਆਦਿ ਪੰਦ੍ਰਾਂ ਥਿੱਤਾਂ ਚੰਦ੍ਰਮਾ ਦੇ ਵਧਾਉ ਘਟਾਉ ਅਨੁਸਾਰ ਕਾਰ ਵਿਹਾਰ ਦੀ ਸਿੱਧੀ ਵਾਸਤੇ, ਅਰੁ ਪੱਖ ਸ਼ੁਕਲ ਵਾ ਕ੍ਰਿਸ਼ਨ ਚਾਨਣਾ ਹਨੇਰਾ ਦੇਵਤਿਆਂ ਵਾ ਪਿਤਰ ਲੋਕਾਂ ਸਬੰਧੀ ਕਾਰਜਾਂ ਨਿਮਿੱਤ ਤਥਾ ਐਸੇ ਹੀ ਜੀਵਾਂ ਦੇ ਜੀਵਨ ਨਿਰਬਾਹਕ ਕਾਰਜਾਂ ਨੂੰ ਨਿਪਟਾਨ ਖਾਤਰ ਰੁਤਿ ਰੁੱਤਾਂ ਛੀਆਂ ਦੇ ਰੂਪ ਵਿਚ ਸਮੇਂ ਕਾਲ ਬਿਤੇਨ ਦੀ ਵੰਡ ਲੋਗ ਰੀਤੀ ਅਨੁਸਾਰ ਏਨਾਂ ਲੋਕਾਂ ਨੇ ਆਪੋ ਵਿਚ ਵੰਡ ਲਈ ਹੋਈ ਹੈ,ਪ੍ਰੰਤੂ ਸਾਰੇ ਸਮੇਂ ਨੂੰ ਆਪਣੇ ਮਤਲਬ ਲਈ ਵੰਡ ਕੇ ਇਕ ਏਕੰਕਾਰ ਦੀ ਉਪਾਸ਼ਨਾ ਖਾਤਰ ਓਸ ਦੇ ਹਿਸੇ ਵਿਚ ਕੋਈ ਦਿਨ ਭੀ ਨਹੀਂ ਰਹਿਣ ਦਿੱਤਾ।

ਜਨਮ ਅਸਟਮੀ ਰਾਮ ਨਉਮੀ ਏਕਾਦਸੀ ਭਈ ਦੁਆਦਸੀ ਚਤੁਰਦਸੀ ਜਨਮੁ ਏ ਕੀਨੇ ਹੈ ।

ਜੋ ਕੋਈ ਦਿਨ ਏਸ ਲੇਖੇ ਪਾਏ ਭੀ ਹਨ ਤਾਂ ਬਿਸ਼ਨੂੰ ਦੇ ਸਰੀਰ ਧਾਰੀ ਪ੍ਰਗਟ ਕਰਣ ਹਾਰੇ ਮਨ ਸਰਗੁਣ ਭਾਵੋਂ ਭੀ ਹੋਰ ਸਥੂਲ ਭਾਵ ਵਿਚ ਚਸਣੇ ਡਿਗਨ ਵਾਲੇ ਦਿਹਾੜੇ ਜਿਹਾ ਕਿ ਜਨਮ ਅਸ਼੍ਟਮੀ ਵਿਸ਼ਨੂੰ ਦਾ ਕ੍ਰਿਸ਼ਨ ਰੂਪ ਹੋਣ ਦਾ ਦਿਨ, ਰਾਮ ਨਉਮੀ ਰਾਮ ਚੰਦ੍ਰ ਰੂਪ ਹੋ ਪ੍ਰਗਟਨ ਦਾ ਦਿਨ, ਏਕਾਦਸ਼੍ਰੀ ਹਰੀ ਬਾਸਰ ਨਾਮ ਨਾਲ ਪ੍ਰਸਿੱਧ ਦਿਹਾੜਾ ਹਰੀ ਸਰੂਪ ਵਿਖੇ ਅਵਤਾਰ ਲੈਣ ਦਾ ਦਿਨ, ਦੁਆਦਸੀ ਬਾਵਨ ਅਵਤਾਰ ਦਾ ਦਿਨ ਅਤੇ ਚਤੁਰਦਸ਼ੀ ਨਰ ਸਿੰਘ ਅਵਤਾਰ ਵਾ ਅਨੰਤ ਭਗਵਾਨ ਦਾ ਦਿਹਾੜਾ, ਇਉਂ ਇਹ ਜਨਮ ਦਿਨ ਥਾਪੇ ਹਨ।

ਪਰਜਾ ਉਪਾਰਜਨ ਕੋ ਨ ਕੋਊ ਪਾਵੈ ਦਿਨ ਅਜੋਨੀ ਜਨਮੁ ਦਿਨੁ ਕਹੌ ਕੈਸੇ ਚੀਨੇ ਹੈ ।੪੮੪।

ਵਾਹਗੁਰੂ ਦੇ ਲੇਖੇ ਤਾਂ ਫੇਰ ਭੀ ਕੋਈ ਦਿਨ ਨਹੀਂ ਆਇਆ ਹਾਂ! ਹਰਾਨੀ ਸਗੋਂ ਹੋਰ ਵਧਦੀ ਹੈ ਕਿ ਘੱਟੋ ਘੱਟ ਓਸ ਦੇ ਪਰਜਾ ਸ਼੍ਰਿਸ਼ਟੀ ਉਪਜੌਨ ਦੇ ਦਿਨ ਦਾ ਥੌਹ ਤਾਂਲਾ ਕੋਈ ਨਹੀਂ ਸੱਕਿਆ, ਤੇ ਉਲਟਾ ਅਜੋਨੀ ਦਾ ਜਨਮ ਦਿਨ ਦੱਸੋ ਕਿਸ ਤਰ੍ਹਾਂ ਚੀਨੇ ਹੈ, ਲੱਭ ਲਿਆ ਗਿਆ। ਭਾਵ ਜੇਕਰ ਇਤ੍ਯਾਦਿਕ ਸਮੇਂ ਦੀ ਵੰਡ ਦੇਵ ਕਲਪਿਤ ਹੈ ਤਾਂ ਓਨਾਂ ਨੇ ਆਪਣਾ ਮਤਲਬ ਤਾਂ ਪੁਜੌਵਨ ਦਾ ਇਸ ਰਾਹੀਂ ਸਾਧ ਲਿਆ, ਪਰ ਵਾਹਗੁਰੂ ਅਰਥੀ ਕੋਈ ਦਿਨ ਨਹੀਂ ਥਾਪ੍ਯਾ ਤਾਂ ਐਸੇ ਧੜੇਬਾਜ ਉਕਤ ਦੇਵਤਿਆਂ ਦੀ ਸੇਵਾ ਤੋਂ ਕੀਕੂੰ ਮੋਖ ਹੋ ਸਕੇਗੀ ॥੪੮੪॥


Flag Counter