ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 138


ਸਤਿ ਰੂਪ ਸਤਿਨਾਮ ਸਤਿਗੁਰ ਗਿਆਨ ਧਿਆਨ ਸਤਿਗੁਰ ਮਤਿ ਸੁਨਿ ਸਤਿ ਕਰਿ ਮਾਨੀ ਹੈ ।

ਸਤਿ ਰੂਪ ਸਤਿ ਨਾਮ ਸਤਿਗੁਰ ਗਿਆਨ ਧਿਆਨ ਜਿਸ ਭਾਂਤ ਦਿਨ ਰਾਤ ਜੀਵਨ ਭਰ ਹੀ ਪ੍ਰਾਣਾਂ ਦੀ ਤਾਰ ਬੱਝੀ ਰਹਿੰਦੀ ਹੈ ਇਸ ਪ੍ਰਕਾਰ ਇਨਾਂ ਦੇ ਸਹਾਰੇ ਵਾਹਿਗੁਰੂ ਦੇ ਨਾਮ ਦਾ ਗੇੜ ਪ੍ਰਾਤਾ ਮਧ੍ਯਾਨ ਸੰਧਯਾ ਕਾਲ ਲਗਾਤਾਰ ਦਿਨ ਰਾਤ ਵਿਖੇ ਜਾਰੀ ਰਖਣਾ ਸਤਿ ਸਰੂਪੀ ਸਤਿਨਾਮ ਹੈ ਏਹੋ ਹੀ ਸਤਿਗੁਰਾਂ ਨੇ ਗਿਆਨ ਕਰਵਾਯਾ ਜਾਣਕਾਰੀ ਵਿਚ ਕਰਾਯਾ ਹੈ, ਤੇ ਇਸੇ ਵਿਖੇ ਹੀ ਇਕ ਰਸ ਧਿਆਨ ਰਖਦਾ ਸਤਿਗੁਰ ਮਤਿ ਸਤਿਗੁਰਾਂ ਨੇ ਮਤਿ ਦਿਤੀ ਅਰਥਾਤ ਸਿਖਿਆ ਸਿਵਾਈ ਅਥਵਾ ਬੂਝ ਬੁਝਾਈ ਹੈ, ਜਿਸ ਨੂੰ ਓਨਾਂ ਨੇ ਸੁਨਿ ਸਤਿ ਕਰਿ ਮਾਨੀ ਹੈ ਸੁਣਦੇ ਸਾਰ ਸਤਿ ਯਥਾਰਯ ਯਥਾਰਯ ਸੱਚ ਸੱਚ ਕਰ ਕੇ ਮੰਨਿਆ ਪ੍ਰਵਾਣ ਕੀਤਾ ਹੈ।

ਦਰਸ ਧਿਆਨ ਸਮਦਰਸੀ ਬ੍ਰਹਮ ਧਿਆਨੀ ਸਬਦ ਗਿਆਨ ਗੁਰ ਬ੍ਰਹਮਗਿਆਨੀ ਹੈ ।

ਇਉਂ ਕਰ ਕੇ ਤਾਂ ਉਹ ਦਰਸ ਧਿਆਨ ਸਮਦਰਸੀ ਬ੍ਰਹਮ ਧਿਆਨੀ ਦ੍ਰਿਸ਼੍ਯ ਪ੍ਰਪੰਚ ਮਾਤ੍ਰ ਪਸਾਰੇ ਨੂੰ ਧ੍ਯਾਨ ਨਿਗ੍ਹਾ ਅੰਦਰ ਔਂਦਿਆਂ ਓਸ ਵਿਖੇ ਸਮ ਦਰਸੀ ਇਕ ਰਸ ਰਮੇ ਹੋਏ ਪਰਮਾਤਮਾ ਨੂੰ ਹੀ ਤਕਦੇ ਹਨ ਜਿਸ ਕਰ ਕੇ ਉਹ ਬ੍ਰਹਮ ਧਿਆਨੀ ਹੋਏ ਰਹਿੰਦੇ ਹਨ। ਅਰੁ ਐਸਾ ਹੀ ਉਪਰ ਕਹੇ ਸਬਦ ਗਿਆਨ ਗੁਰ ਬ੍ਰਹਮ ਗਿਆਨੀ ਹੈ ਗੁਰ ਸ਼ਬਦ ਦੇ ਗਿਆਨ ਵਿਚ ਦ੍ਰਿੜ ਰਹਿ ਕੇ ਉਹ ਬ੍ਰਹਮ ਗਿਆਨੀ ਬਣ ਜਾਂਦੇ ਹਨ।

ਗੁਰਮਤਿ ਨਿਹਚਲ ਪੂਰਨ ਪ੍ਰਗਾਸ ਰਿਦੈ ਮਾਨੈ ਮਨ ਮਾਨੇ ਉਨਮਨ ਉਨਮਾਨੀ ਹੈ ।

ਤਾਤ ਪਰਜ ਕੀਹ ਕਿ ਇਸ ਭਾਂਤ ਗੁਰਮਤਿ ਨਿਹਚਲ ਗੁਰਮਤਿ ਵਿਖੇ ਅਚੱਲ ਅਡੋਲ ਟਿਕੇ ਰਹਿਣ ਕਰ ਕੇ ਓਨਾਂਦੇ ਪੂਰਨ ਪ੍ਰਗਾਸ ਰਿਦੈ ਹਿਰਦੇ ਅੰਦਰ ਪੂਰਨ ਸਰਬ ਬ੍ਯਾਪੀ ਸਰੂਪ ਪਰਮਾਤਮਾ ਦਾ ਪ੍ਰਗਾਸ ਸਾਖ੍ਯਾਤਕਾਰ ਹੋ ਔਂਦਾ ਹੈ ਤੇ ਇਸੇ ਕਰ ਕੇ ਹੀ ਮਾਨੈ ਮਨ ਓਨਾਂ ਦਾ ਮਨ ਭੀ ਮੰਨ ਜਾਂਦਾ ਹੈ ਭਾਵ ਸਭ ਤਰ੍ਹਾਂ ਸੰਕਲਪ ਵਿਕਲਪ ਰਹਿਤਹੋ ਜਾਂਦਾ ਹੈ। ਬਸ ਜਦ ਇਉਂ ਮਾਨੇ ਮੰਨ ਜਾਵੇ ਤਾਂ ਉਨਮਨ ਉਨਮਾਨੀ ਹੈ ਉਨਮਨੀ ਭਾਵ ਵਿਖੇ ਮਨ ਪ੍ਰਾਪਤ ਹੋ ਗਿਆ ਹੈ ਐਸਾ ਅਨੁਮਾਨ ਨਿਸਚਾ ਕਰ ਲਵੋ।

ਬਿਸਮੈ ਬਿਸਮ ਅਸਚਰਜੈ ਅਸਚਰਜ ਮੈ ਅਦਭੁਤ ਪਰਮਦਭੁਤ ਗਤਿ ਠਾਨੀ ਹੈ ।੧੩੮।

ਬਿਸਮੈ ਬਿਸਮ ਅਸਚਰਜੈ ਅਸਚਰਜ ਮੈ ਅਦਭੁਤ ਪਰਮਦਭੁਤ ਗਤਿ ਨਾਨੀ ਹੈ ਅਚੰਭੇ ਨੂੰ ਭੀ ਅਚੰਭਿਤ ਕਰਣਹਾਰੀ ਤੇ ਅਚਰਜਤਾ ਨੂੰ ਅਚਰਜ ਰੂਪ ਬਨਾਣ ਹਾਰੀ ਤਥਾ ਅਦਭੁਤ ਅਨੋਖੀਓਂ ਭੀ ਮਹਾਨ ਅਨੋਖੀ ਗਤਿ ਦਸ਼ਾ ਅਵਸਥਾ ਜੋ ਕਹੀ ਜਾਂਦੀ ਹੈ ਸੋ ਇਕ ਮਾਤ੍ਰ ਏਹੋ ਹੀ ਠਾਨੀ ਥਾਪ ਸ਼ਾਸਤ੍ਰਾਂ ਮਹਾਂ ਪੁਰਖਾਂ ਅਨੁਭਵੀਆਂ ਨੇ ਪ੍ਰਵਾਣ ਕੀਤੀ ਹੈ ॥੧੩੮॥


Flag Counter