ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 632


ਜੈਸੇ ਪਾਂਚੋ ਤਤ ਬਿਖੈ ਬਸੁਧਾ ਨਵਨ ਮਨ ਤਾ ਮੈ ਨ ਉਤਪਤ ਹੁਇ ਸਮਾਤ ਸਭ ਤਾਹੀ ਮੈ ।

ਜਿਵੇਂ ਪੰਜਾਂ ਤੱਤਾਂ ਵਿਚ ਧਰਤੀ ਸਭ ਤੋਂ ਨਵੀਂ ਮਨ ਵਾਲੀ ਹੈ, ਤਦੇ ਹੀ ਉਸ ਵਿਚੋਂ ਸਭ ਕੁਛ ਉਤਪਤ ਹੁੰਦਾ ਹੈ, ਤੇ ਉਸੇ ਵਿਚ ਹੀ ਸਮਾ ਜਾਂਦਾ ਹੈ।

ਜੈਸੇ ਪਾਂਚੋ ਆਂਗੁਰੀ ਮੈ ਸੂਖਮ ਕਨੁੰਗ੍ਰੀਆ ਹੈ ਕੰਚਨ ਖਚਤ ਨਗ ਸੋਭਤ ਹੈ ਵਾਹੀ ਮੈ ।

ਜਿਵੇਂ ਪੰਜਾਂ ਉਂਗਲੀਆਂ ਵਿਚੋਂ ਚੀਚੀ ਸਭ ਤੋਂ ਛੋਟੀ ਹੁੰਦੀ ਹੈ ਤਦੋਂ ਹੀ ਨਗਾਂ ਨਾਲ ਜੜੀ ਸੋਨੇ ਦੀ ਮੁੰਦਰੀ ਇਸੇ ਵਿਚ ਸੋਭਦੀ ਹੈ ਭਾਵ ਪਹਿਨੀ ਜਾਂਦੀ ਹੈ।

ਜੈਸੇ ਨੀਚ ਜੋਨ ਗਨੀਅਤ ਅਤਿ ਮਾਖੀ ਕ੍ਰਿਮ ਹੀਰ ਚੀਰ ਮਧੁ ਉਪਜਤ ਸੁਖ ਜਾਹੀ ਮੈ ।

ਜਿਵੇਂ ਮੱਖੀ ਤੇ ਕੀੜੇ ਅਤੀ ਨੀਵੀਆਂ ਜੂਨੀਆਂ ਵਿਚ ਗਿਣੇ ਜਾਂਦੇ ਹਨ, ਪਰ ਮੋਤੀ ਰੇਸ਼ਮ ਤੇ ਬਸਤ੍ਰ ਤੇ ਸਹਿਦ ਇਨ੍ਹਾਂ ਤੋਂ ਹੀ ਉਪਜਦੇ ਹਨ, ਜਿਨ੍ਹਾਂ ਵਿਚੋਂ ਹੀ ਸਭ ਕਿਸੇ ਨੂੰ ਸੁਖ ਪ੍ਰਾਪਤ ਹੁੰਦਾ ਹੈ।

ਤੈਸੇ ਰਵਿਦਾਸ ਨਾਮਾ ਬਿਦਰ ਕਬੀਰ ਭਏ ਹੀਨ ਜਾਤ ਊਚ ਪਦ ਪਾਏ ਸਭ ਕਾਹੀ ਮੈ ।੬੩੨।

ਤਿਵੇਂ ਰਵਿਦਾਸ, ਨਾਮਾ ਬਿਦਰ ਤੇ ਕਬੀਰ ਹੋਏ ਹਨ, ਜਾਤ ਨੀਵੀਂ ਸੀ ਪਰ ਉਨ੍ਹਾਂ ਨੇ ਆਪਣੇ ਦੈਵੀ ਗੁਣਾਂ ਤੇ ਪ੍ਰੇਮਾ ਭਗਤੀ ਕਰ ਕੇ ਸਭ ਕਿਸੇ ਵਿਚ ਉਚੀਆਂ ਪਦਵੀਆਂ ਪ੍ਰਾਪਤ ਕੀਤੀਆਂ ॥੬੩੨॥


Flag Counter