ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 144


ਆਦਿ ਪਰਮਾਦਿ ਬਿਸਮਾਦਿ ਗੁਰਏ ਨੇਮਹ ਪ੍ਰਗਟ ਪੂਰਨ ਬ੍ਰਹਮ ਜੋਤਿ ਰਾਖੀ ।

ਆਦਿ ਧਰਮਾਦਿ ਬਿਸਮਾਦ ਗੁਰਏ ਨਮਹ ਧਰਮਾਦਿ ਧਰਮ ਅਰਥ, ਕਾਮ, ਮੋਖ ਰੂਪ ਚਾਰੋਂ ਪਦਾਰਥ ਜੋ ਜੀਵਨ ਜਿੰਦਗੀ ਦੇ ਪ੍ਰਯੋਜਨ ਰੂਪ ਮੰਨੇ ਗਏ ਹਨ, ਏਨਾਂ ਦੀ ਆਦਿ ਉਤਪੱਤੀ ਪ੍ਰਾਪਤੀ ਸਤਿਗੁਰਾਂ ਦ੍ਵਾਰੇ ਹੀ ਹੁੰਦੀ ਹੈ, ਇਸ ਲਈ ਉਹ ਧਰਮ ਆਦਕਾਂ ਦੀ ਆਦਿ ਮੁਢ ਹਨ। ਇਨਾਂ ਚਾਰਾਂ ਧਰਮ ਆਦਿਕਾਂ ਨੂੰ ਹਰਾਨ ਕਰ ਦੇਣ ਵਾਲੇ ਢੰਗ ਨਾਲ ਇੱਕਵਾਰਗੀ ਹੀ ਗੁਰ ਸਿੱਖਾਂ ਨੂੰ ਪ੍ਰਾਪਤ ਕਰਨ ਵਾਲੇ ਹੋਣ ਕਰ ਕੇ ਉਹ ਬਿਸਮਾਦ ਰੂਪ ਹਨ ਐਸੇ ਗੁਰਾਂ ਤਾਈ ਨਮਸਕਾਰ ਹੋਵੇ। ਪ੍ਰਗਟ ਪੂਰਨ ਬ੍ਰਹਮ ਜੋਤਿ ਰਾਖੀ ਆਪ ਵਿੱਚ ਪ੍ਰਤੱਖ ਹੀ ਪੂਰਨ ਬ੍ਰਹਮ ਪਮਾਤਮਾ ਨੇ ਆਪਣੀ ਜੋਤ ਟਿਕਾਈ ਹੋਈ ਹੈ ਭਾਵ ਆਪ ਸਾਖ੍ਯਾਤ ਨਿਰੰਕਾਰ ਹੀ ਓਨਾਂ ਦੇ ਆਕਾਰ ਵਿਖੇ ਸਾਕਾਰ ਹੋ ਵਰਤ ਰਿਹਾ ਹੈ।

ਮਿਲਿ ਚਤੁਰ ਬਰਨ ਇਕ ਬਰਨ ਹੁਇ ਸਾਧਸੰਗ ਸਹਜ ਧੁਨਿ ਕੀਰਤਨ ਸਬਦ ਸਾਖੀ ।

ਮਿਲਿ ਚਤੁਰ ਬਰਨ ਇਕ ਬਰਨ ਹੁਇ ਸਾਧ ਸੰਗ ਇਨਾਂ ਸਤਿਗੁਰਾਂ ਦੀ ਸਾਧ ਸੰਗ ਸਤਿਸੰਗਤ ਵਿਖੇ ਚਾਰੋਂ ਬਰਨ ਬ੍ਰਾਹਮਣ ਖ੍ਯਤ੍ਰੀ ਸੂਦਰ ਵੈਸ਼੍ਯ ਇਕ ਬਰਨ ਸਿੱਖ ਬਣ ਜਾਂਦੇ ਹਨ, ਅਤੇ ਸਹਜ ਧੁਨਿ ਕੀਰਤਨ ਸਬਦ ਸਾਖੀ ਇਸ ਸਤਿਸੰਗ ਵਿਖੇ ਸ਼ਬਦ ਗੁਰਬਾਣੀ ਦੇ ਸ਼ਬਦਾਂ ਤਥਾ ਸਾਖੀ ਸ਼ਬਦ ਪ੍ਰਮਾਣਾਂ ਦਾ ਕੀਰਤਨ ਸਹਿਜ ਧੁਨੀ ਨਾਲ ਬੱਝਵੀਂ ਤਹਿ ਨਾਲ ਹੋਯਾ ਕਰਦਾ ਹੈ।

ਨਾਮ ਨਿਹਕਾਮ ਨਿਜ ਧਾਮ ਗੁਰਸਿਖ ਸ੍ਰਵਨ ਧੁਨਿ ਗੁਰਸਿਖ ਸੁਮਤਿ ਅਲਖ ਲਾਖੀ ।

ਨਾਮ ਨਿਹਕਾਮ ਨਿਜ ਧਾਮ ਗੁਰਸਿਖ ਸ਼੍ਰਵਨ ਧੁਨਿ ਗੁਰਸਿਖ ਸੁਮਤਿ ਅਲਖ ਲਾਖੀ ਨਾਮ ਹੈ ਨਿਸ਼ਕਾਮ ਨਿਰਵਿਕਲਪ ਅਫੁਰਪਦ ਜਿਸ ਅਵਸਥਾ ਦਾ ਉਹ ਹੈ ਨਿਜ ਧਾਮ ਗੁਰਾਂ ਦਾ, ਉਥੇ ਸੁਰਤ ਟਿਕਾ ਕੇ ਸਿੱਖ ਸੁਣਦੇ ਹਨ ਧੁਨਿ ਅਨਹਦ ਨਾਦ ਜਿਸ ਦੇ ਪ੍ਰਭਾਵ ਕਰ ਕੇ ਪ੍ਰਾਪਤ ਹੋ ਔਂਦੀ ਹੈ ਗੁਰਸਿੱਖਾਂ ਨੂੰ ਸੁਮਤਿ ਆਤਮ ਵਿਖੈਣੀ ਬੁਧੀ ਅਲਖ ਦੀ ਲਖਤਾ ਕਰੌਣ ਹਾਰੀ।

ਕਿੰਚਤ ਕਟਾਛ ਕਰਿ ਕ੍ਰਿਪਾ ਦੈ ਜਾਹਿ ਲੈ ਤਾਹਿ ਅਵਗਾਹਿ ਪ੍ਰਿਐ ਪ੍ਰੀਤਿ ਚਾਖੀ ।੧੪੪।

ਕਿੰਚਤ ਕਟਾਛ ਕਰਿ ਕ੍ਰਿਪਾ ਦੈ ਜਾਂਹਿ ਗੱਲ ਕੀਹ ਕਿ ਜਿਨਾਂ ਉਪਰ ਥੋੜੀ ਮਾਤ੍ਰ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ, ਤਾਂਹਿ ਅਵਗਾਹਿ ਪ੍ਰਿਅ ਪ੍ਰੀਤਿ ਚਾਖੀ ਲੈ ਪ੍ਰਾਪਤ ਹੋ ਕੇ ਤਿਸ ਕਿਰਪਾ ਨੂੰ ਉਹ ਸਿੱਖ, ਅਵਗਾਹਿ ਓਸ ਵਿਚ ਟੁਭਕੀ, ਲਗਾ ਲਗਾ ਭਾਵ ਮੁੜ ਮੁੜ ਓਸ ਨੂੰ ਆਪਣੇ ਅੰਦਰ ਚਿਤਾਰ ਚਿਤਾਰ ਕੇ ਓਸ ਦ੍ਵਾਰਾ ਪ੍ਯਾਰੇ ਪ੍ਰੀਤਮ ਦੀ ਪ੍ਰੀਤ ਪ੍ਯਾਰ ਅਨੁਭਵ ਰਸ ਮਿਲਾਪ ਦੇ ਆਨੰਦ ਨੂੰ ਚਖਦੇ ਮਾਣਦੇ ਆਸ੍ਵਾਦਨ ਕਰਦੇ ਅਨੁਭਉ ਕਰਦੇ ਹਨ ॥੧੪੪॥


Flag Counter